India Punjab

ਕੀ ਜੇਲ੍ਹ ‘ਚ ਬੈਠੇ ਸੰਸਦ ਮੈਂਬਰ ਚੁੱਕ ਸਕਦੇ ਸਹੁੰ? ਜਾਣੋ ਕੀ ਕਹਿੰਦੇ ਹਨ ਨਿਯਮ

18ਵੀਂ ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਇਸ ਚੋਣ ਵਿੱਚ ਦੋ ਸੰਸਦ ਮੈਂਬਰਾਂ ਨੇ ਜੇਲ੍ਹ ਵਿੱਚ ਬੈਠ ਕੇ ਚੋਣ ਜਿੱਤੀ ਹੈ। ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਅਤੇ ਜੰਮੂ ਕਸ਼ਮੀਰ ਦੀ ਬਾਰਾਮੁਲਾ ਸੀਟ ਤੋਂ ਸ਼ੇਖ ਅਬਦੁਲ ਰਾਸ਼ਿਦ ਉਰਫ ਇੰਜੀਨਿਅਰ ਨੇ ਜਿੱਤ ਹਾਸਲ ਕੀਤੀ ਹੈ। ਇਹ ਦੋਵੇਂ ਸੰਸਦ ਮੈਂਬਰ ਅਜੇ ਵੀ ਜੇਲ੍ਹ ਵਿੱਚ ਹਨ। ਇਨ੍ਹਾਂ ਨੂੰ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਸਹੁੰ ਚੁਕਾਈ ਜਾਵੇਗੀ।

ਸਜ਼ਾ ਹੋਈ ਤਾਂ ਰੱਦ ਹੋਵੇਗੀ ਮੈਂਬਰਸ਼ਿਪ

ਭਾਰਤ ਦੇ ਕਾਨੂੰਨ ਮੁਤਾਬਕ ਕੋਈ ਵੀ ਵਿਅਕਤੀ ਜੇਲ੍ਹ ਵਿੱਚ ਬੈਠ ਕੇ ਕੋਈ ਵੀ ਚੋਣ ਲੜ ਸਕਦਾ ਹੈ। ਜੇਕਰ ਉਹ ਜਿੱਤ ਜਾਂਦਾ ਹੈ ਤਾਂ ਉਸ ਨੂੰ ਸਹੁੰ ਚੁੱਕਣੀ ਪਵੇਗੀ। ਜੇਕਰ ਜਿੱਤੇ ਹੋਏ ਵਿਅਕਤੀ ਨੂੰ ਕਿਸੇ ਕਾਰਨ ਕੋਈ ਸਜ਼ਾ ਹੋ ਜਾਂਦੀ ਹੈ ਤਾਂ ਉਸ ਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ। ਅੰਮ੍ਰਿਤਪਾਲ ਅਤੇ ਸ਼ੇਖ ਅਬਦੁਲ ਰਾਸ਼ਿਦ ਉਰਫ ਇੰਜੀਨਿਅਰ ਨੂੰ ਸਜ਼ਾ ਹੋ ਜਾਂਦੀ ਹੈ ਤਾਂ ਉਨ੍ਹਾਂ ਦਾ ਮੈਂਬਰਸ਼ਿਪ ਰੱਦ ਹੋ ਜਾਵੇਗੀ ਅਤੇ ਉਸ ਸੀਟ ‘ਤੇ ਦੁਬਾਰਾ ਚੋਣ ਹੋਵੇਗੀ।

ਜੇਲ੍ਹ ਵਿੱਚ ਬੰਦ ਸੰਸਦ ਮੈਂਬਰਾਂ ਦੀ ਸਹੁੰ ਬਾਰੇ ਕੀ ਹਨ ਨਿਯਮ?

ਜੇਲ੍ਹ ਵਿੱਚ ਬੰਦ ਸੰਸਦ ਮੈਂਬਰਾਂ ਵੱਲੋਂ ਸਹੁੰ ਚੁੱਕਣ ਬਾਰੇ ਸੰਵਿਧਾਨ ਵਿੱਚ ਨਿਯਮ ਹੈ। ਜੇਲ੍ਹ ਵਿੱਚ ਬੰਦ ਸੰਸਦ ਮੈਂਬਰਾਂ ਨੂੰ ਸਹੁੰ ਚੁੱਕਣ ਲਈ ਪੈਰੋਲ ਦਿੱਤੀ ਜਾਂਦੀ ਹੈ। ਇਸ ਦੇ ਲਈ ਸੰਸਦ ਸਕੱਤਰੇਤ ਵੱਲੋਂ ਜੇਲ੍ਹ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਜਾਂਦੀ ਹੈ ਅਤੇ ਦੱਸਿਆ ਜਾਂਦਾ ਹੈ ਕਿ ਤੁਹਾਡੀ ਜੇਲ੍ਹ ਵਿੱਚ ਇੱਕ ਸੰਸਦ ਮੈਂਬਰ ਬੰਦ ਹੈ, ਜਿਸ ਨੇ ਸੰਸਦ ਵਿੱਚ ਸਹੁੰ ਚੁੱਕਣੀ ਹੈ। ਉਸ ਨੂੰ ਸੰਸਦ ਵਿੱਚ ਆ ਕੇ ਸਹੁੰ ਚੁੱਕਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਤੋਂ ਬਾਅਦ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਨੂੰ ਸੰਸਦ ਵਿੱਚ ਆਉਣ ਦਿੱਤਾ ਜਾਂਦਾ ਹੈ ਅਤੇ ਸਹੁੰ ਚੁੱਕਣ ਤੋਂ ਬਾਅਦ ਉਹ ਵਾਪਸ ਜੇਲ੍ਹ ਚਲਾ ਜਾਂਦਾ ਹੈ। ਇਸ ਦੇ ਨਾਲ ਹੀ ਸੰਸਦ ਮੈਂਬਰ ਨੂੰ ਲੋਕ ਸਭਾ ਸਪੀਕਰ ਨੂੰ ਲਿਖਤੀ ਜਾਣਕਾਰੀ ਦੇਣੀ ਹੋਵੇਗੀ ਕਿ ਉਹ ਸੰਸਦ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲੈ ਸਕਣਗੇ।

 

ਜੇਕਰ ਸੰਸਦ ਮੈਂਬਰ ਸਹੁੰ ਨਹੀਂ ਚੁੱਕਣਗੇ ਤਾਂ ਕੀ ਹੋਵੇਗਾ?

ਜੇਕਰ ਕੋਈ ਸੰਸਦ ਮੈਂਬਰ ਸੰਸਦ ਵਿੱਚ ਹਾਜ਼ਰ ਨਹੀਂ ਹੁੰਦਾ ਅਤੇ ਸਹੁੰ ਨਹੀਂ ਚੁੱਕਦਾ ਅਤੇ ਲਗਾਤਾਰ 60 ਦਿਨਾਂ ਤੱਕ ਹਾਜ਼ਰ ਨਹੀਂ ਰਹਿੰਦਾ ਤਾਂ ਉਸ ਦੀ ਸੀਟ ਖਾਲੀ ਘੋਸ਼ਿਤ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ –  ਪ੍ਰਿਅੰਕਾ ਚੋਪੜਾ ਦੀ ਆਈ ਨਵੀਂ ਵੀਡੀਓ, ਫੈਨਸ ਹੋਏ ਪਰੇਸ਼ਾਨ, ਨਵੀਂ ਫਿਲਮ ‘ਚ ਕਰੇਗੀ ਸਟੰਟ