International

ਕੈਨੇਡਾ:- ਤਸਵੀਰਾਂ ਖਿਚਵਾਉਂਦੇ ਦੋ ਪੰਜਾਬੀ ਗੱਭਰੂਆਂ ਨੂੰ ਰੋੜ ਕੇ ਲੈ ਗਿਆ ਝੀਲਾਂ ਦਾ ਨੀਲਾ ਪਾਣੀ, ਖਬਰ ਸੁਣ ਕੇ ਹਰ ਅੱਖ ਰੋਈ

‘ਦ ਖ਼ਾਲਸ ਬਿਊਰੋ:- ਕੈਨੇਡਾ ਤੋਂ ਪੰਜਾਬੀਆਂ ਦੇ ਲਈ ਇੱਕ ਬਹੁਤ ਦੁੱਖਦਾਇਕ ਖ਼ਬਰ ਹੈ ਕਿ ਦੋ ਪੰਜਾਬੀ ਨੌਜਵਾਨਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਹਰ ਸਾਲ ਕੈਨੇਡਾ ‘ਚ ਗਰਮੀਆਂ ਦੌਰਾਨ ਝੀਲਾਂ-ਦਰਿਆਵਾਂ ‘ਚ ਡੁੱਬਣ ਕਾਰਨ ਦਰਜਨਾਂ ਮੌਤਾਂ ਹੁੰਦੀਆਂ ਹਨ।

ਪਿਛਲੇ ਦਿਨੀਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੱਕ ਸ਼ਰੀਫ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਦੀ 25 ਜੁਲਾਈ ਨੂੰ ਵੈਨਕੂਵਰ ਦੀ ਕਲਟਸ ਲੇਕ ‘ਚ ਡੁੱਬਣ ਕਾਰਨ ਮੌਤ ਹੋ ਗਈ ਸੀ। ਮਨਪ੍ਰੀਤ ਸਿੰਘ ਸਰੀ ਦੀ ਕਵਾਂਟਲਨ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ ਅਤੇ ਕੁੱਝ ਸਮਾਂ ਪਹਿਲਾਂ ਹੀ ਉਸਨੂੰ ਵਰਕ ਪਰਮਿਟ ਮਿਲਿਆ ਸੀ ਤੇ ਉਹ ਅਗਲੇ ਹਫ਼ਤੇ ਲਈ ਵਿਨੀਪੈਗ ਮੂਵ ਹੋਣ ਜਾ ਰਿਹਾ ਸੀ। ਉਸਦਾ ਪਿੰਡ ਚੱਕ ਸ਼ਰੀਫ ਜ਼ਿਲ੍ਹਾ ਗੁਰਦਾਸਪੁਰ ਸੀ।

ਇਸ ਦੇ ਨਾਲ ਹੀ ਕੈਲਗਰੀ ਦੇ ਇੱਕ ਨੌਜਵਾਨ ਗਗਨਦੀਪ ਸਿੰਘ ਦੀ ਵੀ ਪਾਣੀ ‘ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਇਹ ਨੌਜਵਾਨ ਅਲਬਰਟਾ ਦੀ ਲੇਕ ਲੂਈਜ਼ ‘ਤੇ ਫੋਟੋ ਖਿਚਵਾ ਰਿਹਾ ਸੀ, ਤਾਂ ਅਚਾਨਕ ਪੈਰ ਤਿਲਕਣ ਕਾਰਨ ਨਦੀ ਵਿੱਚ ਡਿੱਗ ਗਿਆ। ਪਾਣੀ ਦਾ ਵਹਾਣ ਜ਼ਿਆਦਾ ਤੇਜ਼ ਹੋਣ ਕਾਰਨ ਗਗਨਦੀਪ ਸਿੰਘ ਪਾਣੀ ਵਿੱਚ ਰੁੜ ਗਿਆ। ਹਾਲਾਂਕਿ ਉੱਥੇ ਮੌਜੂਦ ਲੋਕਾਂ ਨੇ ਉਸਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਪਾਣੀ ਦਾ ਤੇਜ਼ ਵਹਾਅ ਉਸਨੂੰ ਰੋੜ ਕੇ ਲੈ ਗਿਆ। ਹਾਲੇ ਤੱਕ ਗਗਨਦੀਪ ਸਿੰਘ ਦੀ ਭਾਲ ਨਹੀਂ ਹੋ ਸਕੀ ਹੈ। ਗਗਨਦੀਪ ਸਿੰਘ ਪੰਜਾਬ ਦੇ ਗਿੱਦੜਬਾਹਾ ਦੇ ਲਾਗੇ ਪੈਂਦੇ ਪਿੰਡ ਥਰਾਜਵਾਲਾ ਦਾ ਰਹਿਣ ਵਾਲਾ ਸੀ।

ਕੈਨੇਡਾ ਵਿੱਚ ਝੀਲਾਂ ਅਤੇ ਦਰਿਆਵਾਂ ‘ਚ ਡੁੱਬ ਕੇ ਮੌਤ ਹੋਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਇਸ ਕਰਕੇ ਸਾਨੂੰ ਅਜਿਹੀਆਂ ਥਾਂਵਾਂ ‘ਤੇ ਸਾਵਧਾਨੀ ਵਰਤਣੀ ਚਾਹੀਦੀ ਹੈ।