Punjab

ਮਾਨ ਸਰਕਾਰ ਦਾ ਦੂਜਾ ਮੰਤਰੀ ਲਾੜਾ ਬਣਨ ਜਾ ਰਿਹਾ ਹੈ ! 7 ਨਵੰਬਰ ਨੂੰ ਮੇਰਠ ਦੀ ਡਾਕਟਰ ਕੁੜੀ ਨਾਲ ਵਿਆਹ !

ਬਿਉਰੋ ਰਿਪੋਰਟ : ਪੰਜਾਬ ਕੈਬਨਿਟ ਦਾ ਦੂਜਾ ਮੰਤਰੀ ਲਾੜਾ ਬਣਨ ਜਾ ਰਿਹਾ ਹੈ । ਹਰਜੋਤ ਸਿੰਘ ਬੈਂਸ ਤੋਂ ਬਾਅਦ ਹੁਣ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਆਹ ਤੈਅ ਹੋ ਗਿਆ ਹੈ । ਉਹ ਮੇਰਠ ਦੀ ਡਾਕਟਰ ਗੁਰਵੀਨ ਕੌਰ ਨਾਲ ਲਾਵਾ-ਫੇਰੇ ਲੈਣ ਜਾ ਰਹੇ ਹਨ । 7 ਨਵੰਬਰ ਨੂੰ ਵਿਆਹ ਦੀ ਤਰੀਕ ਤੈਅ ਹੋਈ । 29 ਅਕਤੂਬਰ ਨੂੰ ਮੇਰਠ ਵਿੱਚ ਸਗਨ ਅਤੇ ਰਿੰਗ ਸਰਮਨੀ ਹੋਵੇਗੀ ।

ਗੁਰਮੀਤ ਸਿੰਘ ਮੀਤ ਹੇਅਰ ਲਗਾਤਾਰ 2 ਵਾਰ ਬਰਨਾਲਾ ਹਲਕੇ ਤੋਂ ਵਿਧਾਇਕ ਬਣੇ ਹਨ । 2017 ਅਤੇ 2022 ਵਿੱਚ ਉਨ੍ਹਾਂ ਨੇ ਚੋਣ ਜਿੱਤੀ । ਮੀਤ ਹੇਅਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਰੀਬੀ ਦੱਸਿਆ ਜਾਂਦਾ ਹੈ । ਇਸੇ ਲਈ ਪਹਿਲੀ ਵਾਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦਾ ਨਾਂ ਮੰਤਰੀ ਵੱਜੋ ਸਭ ਤੋਂ ਉੱਤੇ ਸੀ । ਉਨ੍ਹਾਂ ਨੂੰ ਸੀ ਐੱਮ ਮਾਨ ਨੇ ਸਿੱਖਿਆ ਮੰਤਰੀ ਦੀ ਅਹਿਮ ਜ਼ਿੰਮੇਵਾਰੀ ਵੀ ਦਿੱਤੀ ਸੀ । ਹਾਲਾਂਕਿ ਬਾਅਦ ਵਿੱਚ ਇਹ ਜ਼ਿੰਮੇਵਾਰੀ ਹਰਜੋਤ ਸਿੰਘ ਬੈਂਸ ਨੂੰ ਦੇ ਦਿੱਤੀ ਗਈ ।

ਜਦੋਂ 2022 ਵਿੱਚ ਮਾਨ ਸਰਕਾਰ ਬਣੀ ਸੀ ਤਾਂ ਉਸ ਵੇਲੇ ਪੰਜਾਬ ਕੈਬਨਿਟ ਵਿੱਚ 2 ਕੁਆਰੇ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੀਤ ਹੇਅਰ ਸਨ । ਉਸ ਤੋਂ ਬਾਅਦ ਕੈਬਨਿਟ ਵਿਸਤਾਰ ਤੋਂ ਬਾਅਦ ਅਨਮੋਲ ਗਗਨ ਮਾਨ ਵੀ ਇਸ ਲਿਸਟ ਵਿੱਚ ਸ਼ਾਮਲ ਹੋ ਗਈ ।

ਹਰਜੋਤ ਬੈਂਸ ਦਾ ਵਿਆਹ ਇਸੇ ਸਾਲ IPS ਅਫ਼ਸਰ ਜੋਤੀ ਯਾਦਵ ਨਾਲ ਹੋਇਆ ਸੀ ਹੁਣ ਮੀਤ ਹੇਅਰ ਦਾ ਵਿਆਹ ਵੀ 7 ਨਵੰਬਰ ਨੂੰ ਮੇਰਠ ਦੀ ਡਾਕਟਰ ਗੁਰਵੀਨ ਕੌਰ ਨਾਲ ਤੈਅ ਹੋ ਗਿਆ ਹੈ। ਕੈਬਨਿਟ ਵਿੱਚ ਹੁਣ ਅਨਮੋਲ ਗਗਨ ਮਾਨ ਵੀ ਕੁਆਰੀ ਬਚੀ ਹਨ । ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਈ ਕੁਆਰੇ ਜਿੱਤੇ ਵਿਧਾਇਕਾਂ ਦਾ ਵਿਆਹ ਹੋ ਚੁੱਕਾ ਹੈ । ਸਭ ਤੋਂ ਪਹਿਲਾਂ ਮਾਨ ਸਰਕਾਰ ਵਿੱਚ ਵਿਆਹ ਦੀ ਸ਼ੁਰੂਆਤ ਆਪ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਸੀ । ਉਨ੍ਹਾਂ ਨੇ 7 ਜੁਲਾਈ 2022 ਨੂੰ ਹਰਿਆਣਾ ਦੀ ਡਾਕਟਰ ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕੀਤਾ ਸੀ।

ਪਿਛਲੇ ਸਾਲ 7 ਅਕਤੂਬਰ ਨੂੰ ਆਪ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵੀ ਵਿਆਹ ਕਰਵਾਇਆ ਸੀ । ਉਨ੍ਹਾਂ ਦਾ ਜੀਵਨ ਸਾਥੀ ਬਚਪਨ ਦਾ ਦੋਸਤ ਮਨਦੀਪ ਸਿੰਘ ਲੱਖੇਵਾਲ ਸੀ,ਜੋ ਆਮ ਆਦਮੀ ਪਾਰਟੀ ਦਾ ਮੈਂਬਰ ਵੀ ਹੈ । ਜਦਕਿ ਫ਼ਿਰੋਜ਼ਪੁਰ ਤੋਂ ਆਪ ਵਿਧਾਇਕ ਰਣਵੀਰ ਸਿੰਘ ਭੁੱਲਰ ਨੇ ਵੀ ਦੂਜਾ ਵਿਆਹ ਕਰਵਾਇਆ ਸੀ । ਉਨ੍ਹਾਂ ਨੇ ਸੰਗਰੂਰ ਦੀ ਰਹਿਣ ਵਾਲੀ ਅਮਨਦੀਪ ਕੌਰ ਨਾਲ ਲਾਵਾ ਫੇਰੇ ਲਏ ਸਨ । ਉਨ੍ਹਾਂ ਦੀ ਪਹਿਲੀ ਪਤਨੀ ਦੀ ਮੌਤ ਕੈਂਸਰ ਨਾਲ ਹੋਈ ਸੀ ।