Punjab

ਕੈਬਨਿਟ ਮੰਤਰੀ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ

ਨਾ ਸਾੜੋ ਪਰਾਲੀ,ਇਸ ਵਾਰ ਸਬਸਿਡੀ ਵੀ ਦਵਾਂਗੇ

ਖਾਲਸ ਬਿਊਰੋ: ਝੋਨੇ ਦੀ ਫਸਲ ਦੀ ਵਾਢੀ ਹੋਣ ਤੋਂ ਬਾਅਦ ਬਚੀ ਹੋਈ ਪਰਾਲੀ ਨੂੰ ਸਾਂਭਣ ਲਈ ਸਰਕਾਰ ਨੇ ਇੱਕ ਹੋਰ ਉਪਰਾਲਾ ਕੀਤਾ ਹੈ।ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਇਸ ਵਾਰ ਝੋਨੇ ਦੀ ਵਾਢੀ ਤੋਂ ਬਾਅਦ ਬਚੀ ਪਰਾਲੀ ਦੇ ਸਹੀ ਤਰੀਕੇ ਨਾਲ ਨਿਪਟਾਰੇ ਲਈ ਕਿਸਾਨਾਂ ਨੂੰ ਸਹੀ ਸਾਧਨ ਤੇ ਸਹੀ ਮਸ਼ੀਨਰੀ ਉਪਲੱਬਧ ਕਰਵਾਏਗੀ ਤੇ ਇਸ ‘ਤੇ ਸਬਸਿਡੀ ਵੀ ਦੇਵੇਗੀ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਖੇਤੀਬਾੜੀ ਮਹਿਕਮੇ ਦੀਆਂ ਟੀਮਾਂ ਵੀ ਕਿਸਾਨਾਂ ਨੂੰ ਜਾ ਕੇ ਮਿਲਣਗੀਆਂ। ਸਰਕਾਰ ਵਲੋਂ ਅੱਜ ਅਖਬਾਰਾਂ ਵਿੱਚ ਦਿੱਤੇ ਗਏ ਇਸ਼ਤਿਹਾਰਾਂ ਵਿੱਚ ਨੰਬਰ ਜਾਰੀ ਕੀਤੇ ਗਏ ਹਨ,ਜਿਹਨਾਂ ‘ਤੇ ਕਿਸਾਨ ਮਸ਼ੀਨਰੀ ‘ਤੇ ਸਬਸਿਡੀ ਲੈਣ ਲਈ ਸੰਪਰਕ ਕਰ ਸਕਦੇ ਹਨ।ਇਸ ਤੋਂ ਇਲਾਵਾ ਪੋਰਟਲ ‘ਤੇ ਜਾ ਕੇ ਵੀ ਇਸ ਸਬਸਿਡੀ ਲਈ ਅਪਲਾਈ ਕੀਤਾ ਜਾ ਸਕਦਾ ਹੈ।ਪੰਚਾਇਤ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਇਸ ਵਾਰ ਇਹ ਜਤਨ ਹੋਣੀ ਚਾਹਿਦਾ ਹੈ ਕਿ ਪਰਾਲੀ ਨਾਲ ਪ੍ਰਦੂਸ਼ਣ ਨਾ ਹੋਵੇ ਤੇ ਇਸ ਦਾ ਨਿਪਟਾਰਾ ਕਰਨ ਲਈ ਜੋ ਵੀ ਮਸ਼ੀਨਰੀ ਚਾਹਿਦੀ ਹੈ,ਉਸ ‘ਤੇ ਸਰਕਾਰ 50 ਫੀਸਦੀ ਸਬਸਿਡੀ ਦੇ ਰਹੀ ਹੈ।ਸੋ ਕਿਸਾਨਾਂ ਨੂੰ ਅਪੀਲ ਹੈ ਕਿ ਜਲਦੀ ਤੋਂ ਜਲਦੀ ਅਪਲਾਈ ਕਰਨ।

ਇਸ ਸਾਲ ਪੰਜਾਬ ਵਿੱਚ 29.3 ਲੱਖ ਹੈਕਟੇਅਰ ਭਾਵ 73 ਲੱਖ ਏਕੜ ਰਕਬਾ ਝੋਨੇ ਦੀ ਕਾਸ਼ਤ ਹੇਠ ਹੈ। ਹਰ ਸਾਲ ਝੋਨੇ ਹੇਠਲਾ ਲਗਭਗ 50 ਫੀਸਦੀ ਰਕਬਾ ਪਰਾਲੀ ਨੂੰ ਸਾੜ ਕੇ ਅਗਲੀ ਫਸਲ ਲਈ ਤਿਆਰ ਕੀਤਾ ਜਾਂਦਾ ਹੈ। ਪਿਛਲੇ ਸਾਲ ਪਰਾਲੀ ਸਾੜਨ ਦੀਆਂ 76,680 ਘਟਨਾਵਾਂ ਸਾਹਮਣੇ ਆਈਆਂ, ਜੋ ਪਿਛਲੇ ਕਈ ਸਾਲਾਂ ਵਿੱਚ ਸਭ ਤੋਂ ਵੱਧ ਸਨ।ਇਸੇ ਲਈ ਕਾਰਵਾਈ ਕਰਦਿਆਂ ਕੱਲ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ‘ਤੇ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਗੱਲ ਵੀ ਕਹੀ ਸੀ।