ਐਸ.ਏ.ਐਸ ਨਗਰ : ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ ਅਤੇ ਸ਼ਿਕਾਇਤ ਨਿਵਾਰਨ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਬੀਤੇ ਦਿਨ ਨਗਰ ਕੌਂਸਲ ਖਰੜ੍ਹ ਜਿਲ੍ਹਾ ਐਸ.ਏ.ਐਸ ਨਗਰ ਦੀ ਅਚਨਚੇਤ ਚੈਕਿੰਗ ਕੀਤੀ ਗਈ । ਚੈਕਿੰਗ ਦੌਰਾਨ ਹਲਕਾ ਖਰੜ੍ਹ ਦੇ ਸ਼ਹਿਰ ਵਿੱਚ ਉਸਾਰੀ ਅਧੀਨ ਗੈਰ ਕਾਨੂੰਨੀ ਇਮਾਰਤਾਂ ਨੂੰ ਤੁਰੰਤ ਢਾਹੁਣ ਦੇ ਹੁਕਮ ਦਿੱਤੇ । ਇਸ ਮੌਕੇ ਐਸ.ਡੀ.ਐਮ ਸ੍ਰੀ ਰਵਿੰਦਰ ਸਿੰਘ ਅਤੇ ਨਗਰ ਕੌਂਸਲ ਖਰੜ੍ਹ ਦੇ ਕਾਰਜ਼ ਸਾਧਕ ਅਫ਼ਸਰ ਸ੍ਰੀ ਮਨਵੀਰ ਸਿੰਘ ਗਿੱਲ ਹਾਜ਼ਰ ਸਨ ।
ਵਧੇਰੇ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਨਗਰ ਕੌਸ਼ਲ ਖਰੜ੍ਹ ਦੀ ਚੈਕਿੰਗ ਕੀਤੀ ਗਈ ਹੈ ਅਤੇ ਇਥੋਂ ਦੇ ਰਿਕਾਰਡ ਨੂੰ ਚੈੱਕ ਕਰਨ ਤੇ ਪਾਇਆ ਗਿਆ ਕਿ ਹਲਕਾ ਖਰੜ੍ਹ ਸ਼ਹਿਰ ਵਿੱਚ ਕੁੱਝ ਨਾਜਾਇਜ਼ ਉਸਾਰੀਆਂ ਲਈ ਵੀ ਕਮੇਟੀ ਵੱਲੋਂ ਨਕਸ਼ੇ ਪਾਸ ਕੀਤੇ ਗਏ ਸਨ, ਇਸ ਸਬੰਧੀ ਪੂਰੀ ਰਿਪਰੋਟ ਮੰਗੀ ਗਈ ਹੈ । ਉਨ੍ਹਾਂ ਐਸ.ਡੀ.ਐਮ ਖਰੜ੍ਹ ਨੂੰ ਹਦਾਇਤ ਕੀਤੀ ਕਿ ਬਿਲਡਰਾਂ ਵੱਲੋਂ ਲੋਕਾਂ ਨੂੰ ਜ਼ਮੀਨ-ਜਾਈਜਾਦ ਵੇਚਣ ਸਮੇਂ ਨਕਸ਼ੇ ਵਿੱਚ ਦਰਸਾਈਆਂ ਸਹੂਲਤਾਂ ਨੂੰ ਅਮਲ ਵਿੱਚ ਲਿਆਇਆ ਜਾਵੇ ਅਤੇ ਕਮੇਟੀ ਗਠਿਤ ਕਰਕੇ ਕਾਰਵਾਈ ਕੀਤੀ ਜਾਵੇ ।

ਇਸ ਤੋਂ ਇਲਾਵਾ ਉਨ੍ਹਾਂ ਖਰੜ੍ਹ ਸ਼ਹਿਰ ਵਿੱਚ ਉਸਾਰੀ ਅਧੀਨ ਗੈਰ ਕਾਨੂੰਨੀ ਇਮਾਰਤਾਂ ਨੂੰ ਤੁਰੰਤ ਢਾਹੁਣ ਲਈ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਇਮਾਰਤਾਂ ਦੇ ਨਿਰਮਾਣ ਲਈ ਕਮੇਟੀ ਵੱਲੋਂ ਪਾਸ ਕੀਤੇ ਨਕਸ਼ਿਆ ਦੀ ਪੜਤਾਲ ਕੀਤੀ ਜਾਵੇਗੀ ਅਤੇ ਪੜਤਾਲ ਦੌਰਾਨ ਸਾਹਮਣੇ ਆਈਆਂ ਨਜਾਇਜ਼ ਉਸਾਰੀਆਂ ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਾਫ਼ ਸੁਥਰਾਂ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ । ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕਰਦਿਆ ਕਿਹਾ ਕਿ ਕੋਈ ਵੀ ਨਕਸ਼ਾ ਕਾਨੂੰਨੀ ਗਾਇਡ ਲਾਇਨਜ਼ ਤੋਂ ਬਿਨਾਂ ਪਾਸ ਨਹੀਂ ਹੋਣਾ ਚਾਹੀਦਾ ।

ਉਨ੍ਹਾਂ ਕਿਹਾ ਖਰੜ੍ਹ ਸ਼ਹਿਰ ਵਿੱਚ ਜਿਨ੍ਹਾਂ ਵੀ ਅਧਿਕਾਰੀਆਂ ਵੱਲੋਂ ਪ੍ਰਾਇਵੇਟ ਬਿਲਡਰਾਂ ਨਾਲ ਮਿਲ ਕੇ ਗੈਰ ਕਾਨੂੰਨੀ ਅਤੇ ਸਰਕਾਰ ਦੀਆਂ ਹਦਾਇਤਾ ਦੀ ਉਲੰਘਣਾ ਕਰਕੇ ਬਣਾਈਆਂ ਨਜ਼ਾਇਜ ਉਸਾਰੀਆਂ ਲਈ ਜਿੰਮੇਵਾਰ ਹੋਣਗੇ ਉਨ੍ਹਾਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਪੱਧਰ ਤੇ ਵੀ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

ਇਸ ਮੌਕੇ ਉਥੇ ਮੌਜੂਦ ਖਰੜ੍ਹ ਦੇ ਨਾਗਰਿਕਾ ਵੱਲੋਂ ਨਿੱਤ ਆਉਦੀਆਂ ਮੁਸ਼ਕਲਾਂ ਬਾਰੇ ਕੈਬਨਿਟ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਅਤੇ ਕੈਬਨਿਟ ਮੰਤਰੀ ਵੱਲੋਂ ਸਾਰੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ।