India Lifestyle Punjab

TRI CITY ’ਚ ਕੈਬ ਡਰਾਈਵਰਾਂ ਦੀ ਹੜ੍ਹਤਾਲ! 3 ਮੰਗਾਂ ਨੂੰ ਲੈ ਕੇ ਨਰਾਜ਼ਗੀ

ਬਿਉਰੋ ਰਿਪੋਰਟ – ਟ੍ਰਾਈ ਸਿੱਟੀ (TRI CITY) ਵਿੱਚ ਇੱਕ ਵਾਰ ਮੁੜ ਤੋਂ ਟੈਕਸੀ ਡਰਾਈਵਰ ਹੜ੍ਹਤਾਲ (TAXI DRIVER STRIKE) ’ਤੇ ਚਲੇ ਗਏ ਹਨ। ਕੈਬ ਯੂਨੀਅਨ ਦੇ ਵੱਲੋਂ ਹੜ੍ਹਤਾਲ ਦੀ ਕਾਲ ਦਿੱਤੀ ਗਈ ਹੈ। ਚੰਡੀਗੜ੍ਹ ਦੇ ਸੈਕਟਰ-17 ਪਰੇਡ ਗਰਾਉਂਡ ਦੇ ਸਾਹਮਣੇ ਟੈਕਸੀ ਡਰਾਈਵਰ ਆਪਣੀਆਂ ਗੱਡੀਆਂ ਨਾਲ ਇਕੱਠੇ ਹੋਏ ਸਨ। ਉੱਧਰ ਆਟੋ ਚਲਾਉਣ ਵਾਲੇ ਡਰਾਇਵਰ ਵੀ ਉਨ੍ਹਾਂ ਦੇ ਪੱਖ ਵਿੱਚ ਆ ਗਏ ਹਨ। ਰਾਜਪਾਲ ਦੇ ਘਰ ਤੱਕ ਉਨ੍ਹਾਂ ਦੇ ਵੱਲੋਂ ਮਾਰਚ ਵੀ ਕੱਢਿਆ ਜਾਣਾ ਹੈ। ਉਹ ਨਵੀਂ ਐਗਰੀਮੈਂਟ ਨੀਤੀ ਲਾਗੂ ਕਰਨ ਅਤੇ ਰੇਟ ਰਿਵਾਇਜ਼ ਕਰਨ ਦੀ ਮੰਗ ਕਰ ਰਹੇ ਹਨ। ਹਾਲਾਂਕਿ ਚੰਡੀਗੜ੍ਹ ਪੁਲਿਸ ਦੇ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਨੂੰ ਉੱਥੇ ਹੀ ਰੋਕਣ ਦੀ ਯੋਜਨਾ ਹੈ।

ਕੈਬ ਡਰਾਇਵਰਾਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਉਨ੍ਹਾਂ ਦੀ ਮੰਗਾਂ ਚੱਲ ਰਹੀਆਂ ਹਨ ਪਰ ਹੁਣ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਸਕੀ ਹੈ। ਹੁਣ ਉਨ੍ਹਾਂ ਦੇ ਰੁਜ਼ਗਾਰ ਦਾ ਮੁਸ਼ਕਿਲ ਆ ਗਈ ਹੈ। ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਬਾਇਕ ਟੈਕਸੀ ਦੀ ਸੇਵਾ ਬੰਦ ਹੋਣੀ ਚਾਹੀਦੀ ਹੈ। ਕਾਫੀ ਸਮੇਂ ਤੋਂ ਅਸੀਂ ਇਨ੍ਹਾਂ ਨੂੰ ਆਪਰੇਟ ਕਰਨ ਵਾਲੀਆਂ ਕੰਪਨੀਆਂ ਨਾਲ ਗੱਲ ਕਰ ਰਹੇ ਹਾਂ। ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਨਿੱਜੀ ਨੰਬਰ ਵਾਲੀ ਗੱਡੀਆਂ ਦੀ ਕਮਰਸ਼ਲ ਵਰਤੋਂ ਹੋ ਰਹੀ ਹੈ।

ਡਰਾਈਵਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਪੂਰਾ ਟੈਕਸ ਭਰਿਆ ਜਾਂਦਾ ਹੈ। ਪਰ ਉਹ ਸਾਡੇ ਸਾਹਮਣੇ ਸਵਾਰੀ ਚੁੱਕ ਕੇ ਲੈ ਜਾਂਦੇ ਹਨ। ਡਰਾਇਵਰਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਰੇਟ 32 ਰੁਪਏ ਪ੍ਰਤੀ ਕਿਲੋਮੀਟਰ ਹੈ। ਸਾਡਾ ਰੇਟ ਘੱਟੋ-ਘੱਟ 25 ਰੁਪਏ ਪ੍ਰਤੀ ਕਿਲੋਮੀਟਰ ਹੋਣਾ ਚਾਹੀਦਾ ਹੈ। ਹੁਣ ਤੱਕ ਰੇਟ ਕਾਫੀ ਘੱਟ ਹੈ, ਹਿਮਾਚਲ ਅਤੇ ਪੰਜਾਬ ਵਾਲਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਕੈਬ ਡਰਾਇਵਰ ਦਾ ਕਹਿਣਾ ਹੈ ਕਿ ਹੁਣ ਤੱਕ ਹਿਮਾਚਲ ਵਿੱਚ ਪੰਜਾਬ ਹਰਿਆਣਾ ਨੰਬਰ ਦੀਆਂ ਗੱਡੀਆਂ ਦਾ ਮਾਮਲਾ ਹੱਲ ਨਹੀਂ ਹੋਇਆ ਹੈ। ਹੁਣ ਵੀ ਉੱਥੇ ਕੁੱਟਮਾਰ ਹੋ ਰਹੀ ਹੈ। ਇਸ ਸਬੰਧੀ ਵੀਡੀਓ ਰੋਜ਼ਾਨਾ ਸਾਡੇ ਕੋਲ ਆਉਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਇਸ ਮਾਮਲੇ ਵਿੱਚ ਪ੍ਰਸ਼ਾਸਨ ਧਿਆਨ ਦੇਵੇ ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ।