Punjab

ਚੰਡੀਗੜ੍ਹ ‘ਚ ਸਫ਼ਰ ਕਰਨ ਵਾਲੇ ਹੋ ਸਕਦੇ ਹਨ ਖੱਜਲ ਖ਼ੁਆਰ , ਹੜਤਾਲ ‘ਤੇ ਗਏ ਕੈਬ ਅਤੇ ਆਟੋ ਚਾਲਕ

Cab and auto drivers went on strike in Chandigarh

ਚੰਡੀਗੜ੍ਹ ਵਿੱਚ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਚੰਡੀਗੜ੍ਹ ਵਿਚ ਆਟੋ ਤੇ ਕੈਬ ਡਰਾਈਵਰ ਅੱਜ 10 ਅਗਸਤ ਨੂੰ ਹੜਤਾਲ ’ਤੇ ਹਨ। ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਕੈਬ ਡਰਾਈਵਰ ਦੀ ਹੱਤਿਆ ਅਤੇ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਸ਼ਹਿਰ ਦੇ ਜ਼ਿਆਦਾਤਰ ਕੈਬ ਅਤੇ ਆਟੋ ਚਾਲਕ ਅੱਜ ਹੜਤਾਲ ‘ਤੇ ਰਹਿਣਗੇ। ਡਰਾਈਵਰ ਆਪਣਾ ਕੰਮ ਬੰਦ ਕਰਕੇ ਸੈਕਟਰ-25 ਸਥਿਤ ਰੈਲੀ ਗਰਾਊਂਡ ਵਿੱਚ ਇਕੱਠੇ ਹੋਣਗੇ। ਜਿੱਥੇ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ ਅਤੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।

ਡਰਾਈਵਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਬਿਹਤਰ ਸਫ਼ਰ ਦੀਆਂ ਸਹੂਲਤਾਂ ਦੇਣ ਵਾਲੀਆਂ ਕੈਬ ਕੰਪਨੀਆਂ ਦੇ ਡਰਾਈਵਰ ਅਸੁਰੱਖਿਆ ਕਾਰਨ ਇਸ ਸਮੇਂ ਭੁੱਖ ਹੜਤਾਲ ’ਤੇ ਬੈਠਣ ਲਈ ਮਜਬੂਰ ਹਨ। ਕੰਪਨੀਆਂ ਵੱਲੋਂ ਟੈਕਸ, ਕਮਿਸ਼ਨ, ਕਿਰਾਇਆ ਅਤੇ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਨੂੰ ਸ਼ਰੇਆਮ ਸ਼ਰਮਿੰਦਾ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਈ ਡਰਾਈਵਰ ਕਰਜ਼ੇ ਦੇ ਬੋਝ ਹੇਠ ਦੱਬ ਗਏ ਹਨ ਅਤੇ ਕਈ ਇਸ ਪ੍ਰੇਸ਼ਾਨੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।

ਯੂਨੀਅਨ ਦੇ ਬੁਲਾਰੇ ਇੰਦਰਜੀਤ ਸਿੰਘ ਨੇ ਕਿਹਾ ਕਿ ਕੰਪਨੀਆਂ ਦੇ ਘਿਨਾਉਣੇ ਵਤੀਰੇ ਕਾਰਨ ਉਨ੍ਹਾਂ ਦੇ ਕਈ ਮੈਂਬਰਾਂ ਨੂੰ ਸਾਜ਼ਸ਼ ਤਹਿਤ ਅਪਰਾਧੀਆਂ ਨੇ ਮਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਨ ਪਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਹ ਪ੍ਰਸ਼ਾਸਨ ਦੀ ਬੇਰੁਖ਼ੀ ਅਤੇ ਕੰਪਨੀਆਂ ਦੇ ਮਾੜੇ ਵਤੀਰੇ ਖ਼ਿਲਾਫ਼ ਅੱਜ ਵੀਰਵਾਰ ਤੋਂ ਸੈਕਟਰ 25 ਵਿੱਚ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰਨਗੇ।