‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਐਂਡ ਹਰਿਆਣਾ ਜਰਨਲਿਸਟ ਯੂਨੀਅਨ (ਰਜਿ.) ਦੇ ਵਫ਼ਦ ਨੇ ਅੱਜ ਹਰਿਆਣਾ ਦੇ ਪੱਤਰਕਾਰਾਂ ਦੀ ਮੰਗਾਂ ਨੂੰ ਲੈ ਕੇ ਪ੍ਰਧਾਨ ਰਾਮ ਸਿੰਘ ਬਰਾੜ ਦੀ ਅਗਵਾਈ ਹੇਠ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨਾਲ ਹਰਿਆਣਾ ਰਾਜ ਭਵਨ ’ਚ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ। ਰਾਮ ਸਿੰਘ ਬਰਾੜ ਨੇ ਰਾਜਪਾਲ ਨੂੰ ਪੱਤਰਕਾਰਾਂ ਦੀ ਮੰਗਾਂ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ। ਬਰਾੜ ਨੇ ਰਾਜਪਾਲ ਨੂੰ ਕਰੋਨਾ ਕਾਲ ਦੌਰਾਨ ਸ਼ਹੀਦ ਹੋਏ ਪੱਤਰਕਾਰਾਂ ਨੂੰ ਕਰੋਨਾ ਯੋਧਾ ਮੰਨਦੇ ਹੋਏ ਸ਼ਹੀਦ ਹੋਏ ਪੱਤਰਕਾਰਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦੀ ਮਾਲੀ ਮਦਦ ਦੇਣ , ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ, ਪੱਤਰਕਾਰ ਪੈਨਸ਼ਨ ਯੋਜਨਾਂ ’ਚ ਵਾਧਾ ਕਰਕੇ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ, ਮਾਨਤਾ ਦੇ ਨਿਯਮ ਸੌਖੇ ਕਰਕੇ ਕਸਬਿਆਂ ਦੇ ਪੱਤਰਕਾਰਾਂ ਨੂੰ ਵੀ ਮਾਨਤਾ ਦੇਣ, ਰਾਜ ਪੱਧਰੀ ਪ੍ਰੈੱਸ ਮਾਨਤਾ ਕਮੇਟੀ ਦਾ ਗਠਨ ਕਰਨ, ਪੈਨਸ਼ਨ ਲਈ ਪੱਤਰਕਾਰਾਂ ਦੀ ਉਮਰ 55 ਸਾਲ ਕਰਨ, ਲਾਇਲਾਜ ਬੀਮਾਰੀ ਅਤੇ ਕੁਦਰਤੀ ਮੌਤ ਹੋਣ ’ਤੇ ਉਮਰ ਹੱਦ ਦੀ ਸ਼ਰਤ ਘਟਾਉਣ, ਗੈਰ ਮਾਨਤਾ ਪੱਤਰਕਾਰਾਂ ਨੂੰ ਵੀ ਪੈਨਸ਼ਨ ਦੇਣ, ਸਾਰੇ ਪੱਤਰਕਾਰਾਂ ਨੂੰ ਕੈਸ਼ਲੈੱਸ ਮੈਡੀਕਲ ਸੁਵਿਧਾ ਦੇਣ ਦੀ ਮੰਗ ਕੀਤੀ।
ਬਰਾੜ ਨੇ ਦੱਸਿਆ ਕਿ ਹੋਰਨਾਂ ਮੰਗਾਂ ਵਿੱਚ ਹਰਿਆਣਾ ਦੇ ਪੱਤਰਕਾਰਾਂ ਲਈ ਚੰਡੀਗੜ੍ਹ ਤੇ ਪੰਚਕੂਲਾ ਵਿੱਚ ਸਰਕਾਰੀ ਮਕਾਨਾਂ ਦਾ ਕੋਟਾ ਵਧਾਉਣ, ਜ਼ਿਲ੍ਹਾ ਅਤੇ ਸਬ ਡਿਵੀਜਨ ਪੱਧਰ ’ਤੇ ਪੱਤਰਕਾਰਾਂ ਨੂੰ ਵੀ ਚੰਡੀਗੜ੍ਹ ਦੀ ਤਰਜ਼ ’ਤੇ ਸਰਕਾਰੀ ਮਕਾਨ ਦੀ ਸੁਵਿਧਾ ਦੇਣ, ਪੱਤਰਕਾਰਾਂ ਨੂੰ ਸਹਿਕਾਰੀ ਮਕਾਨ ਸੰਮਤੀਆਂ ਨੂੰ ਸੂਬਾ, ਜਿਲ੍ਹਾ ਤੇ ਸਬ ਡਿਵੀਜਨ ਪੱਧਰ ’ਤੇ ਪਹਿਲ ਦੇ ਅਧਾਰ ’ਤੇ ਸ਼ਹਿਰੀ ਵਿਕਾਸ ਯੋਜਨਾ ਤਹਿਤ ਜ਼ਮੀਨ ਤੇ ਪਲਾਟ ਅਲਾਟ ਕਰਨ, ਪੱਤਰਕਾਰਾਂ ਦੇ ਮੁਫ਼ਤ ਬੱਸ ਸਫ਼ਰ ’ਤੇ ਕਿਲੋਮੀਟਰ ਦੀ ਹੱਦ ਖ਼ਤਮ ਕਰਨ, ਟੋਲ ਪਲਾਜ਼ਾ ’ਤੇ ਛੂਟ ਦੇਣ ਅਤੇ ਇਸ਼ਤਿਹਾਰ ਨੀਤੀ ਪਾਰਦਰਸ਼ੀ ਵਧਾਉਣ ਦੀ ਮੰਗ ਸ਼ਾਮਲ ਹਨ। ਬਰਾੜ ਨੇ ਦੱਸਿਆ ਕਿ ਮਾਣਯੋਗ ਰਾਜਪਾਲ ਨੇ ਪੱਤਰਕਾਰਾਂ ਦੀ ਮੰਗਾਂ ਨੂੰ ਸਾਕਾਰਤਮਕ ਢੰਗ ਨਾਲ ਸੁਣਿਆ ਤੇ ਭਰੋਸਾ ਦਿੱਤਾ ਹੈ।

