Punjab

ਪੰਜਾਬ : ਕਿਸਾਨ ਦੇ ਖਾਤੇ ‘ਚ ਗਲਤੀ ਨਾਲ ਆਏ 9 ਕਰੋੜ,ਪ੍ਰਸ਼ਾਸਨ ਨਹੀਂ ਕਰ ਸਕਿਆ ਵਸੂਲ

Bathinda farmer received 9 crore rupees

ਬਠਿੰਡਾ : ਅਕਸਰ ਬੈਂਕ ਖਾਤੇ ਵਿੱਚ ਆਨ ਲਾਈਨ ਪੈਸੇ ਟਰਾਂਸਫਰ ਕਰਨ ਦੇ ਚੱਕਰ ਵਿੱਚ ਜੇਕਰ ਥੋੜ੍ਹੀ ਜੀ ਵੀ ਗਲਤੀ ਹੋ ਜਾਵੇ ਤਾਂ ਉਹ ਬਹੁਤ ਭਾਰੀ ਪੈ ਸਕਦੀ ਹੈ। ਬਠਿੰਡਾ ਵਿੱਚ NH 754 A ਦੀ ਉਸਾਰੀ ਕਰਨ ਵੇਲੇ ਕੁਝ ਅਜਿਹਾ ਹੀ ਹੋਇਆ। ਰੈਵਿਨਿਊ ਵਿਭਾਗ ਦੀ ਗਲਤੀ ਦੀ ਵਜ੍ਹਾ ਕਰਕੇ ਇਕ ਕਿਸਾਨ ਮਾਲਾਮਾਲ ਹੋ ਗਿਆ । ਵਿਭਾਗ ਨੇ ਜ਼ਮੀਨ ਐਕਵਾਇਰ ਕਰਨ ਦੇ ਲਈ ਉਸ ਦੇ ਖ਼ਾਤੇ ਵਿੱਚ 94 ਲੱਖ 43 ਹਜ਼ਾਰ 122 ਰੁਪਏ ਦੀ ਥਾਂ 9 ਕਰੋੜ 44 ਲੱਖ 33 ਹਜ਼ਾਰ 122 ਰੁਪਏ ਪਾ ਦਿੱਤੇ । ਕਿਸਾਨ ਨੇ ਚੁਸਤੀ ਵਿਖਾਈ ਅਤੇ ਫੌਰਨ ਇੰਨਾਂ ਪੈਸੀਆਂ ਦੀ ਜ਼ਮੀਨ ਖ਼ਰੀਦ ਲਈ। ਹੁਣ ਉਹ ਰੁਪਏ ਵਾਪਸ ਨਹੀਂ ਕਰ ਰਿਹਾ ਹੈ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਉਸ ਦੇ ਖਿਲਾਫ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ ।

ਬਠਿੰਡਾ ਦੇ ਪਿੰਡ ਭਾਈ ਰੂਪਾ ਵਿੱਚ ਪ੍ਰਸ਼ਾਸਨ ਵੱਲੋਂ ਸ੍ਰੀ ਅੰਮ੍ਰਿਤਸਰ- ਬਠਿੰਡਾ-ਜਾਮਨਗਰ ਐਕਸਪ੍ਰੈਸ ਵੇਅ ਦੇ ਲਈ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਸੀ । ਜ਼ਮੀਨ ਦੇ ਬਦਲੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਸੀ ਇਸ ਦੌਰਾਨ ਕਿਸਾਨ ਗੁਰਦੀਪ ਸਿੰਘ ਦੇ ਖਾਤੇ ਵਿੱਚ 94 ਲੱਖ 43 ਹਜ਼ਾਰ 122ਰੁਪਏ ਜਮਾ ਹੋਣੇ ਸਨ । ਅਧਿਕਾਰੀਆਂ ਨੇ ਗਲਤੀ ਨਾਲ ਉਸ ਦੇ ਖ਼ਾਤੇ ਵਿੱਚ 9 ਕਰੋੜ 44 ਲੱਖ 33 ਹਜ਼ਾਰ 122 ਰੁਪਏ ਪਾ ਦਿੱਤੇ । ਮਾਮਲਾ ਪ੍ਰਸ਼ਾਸਨ ਦੀ ਲਾਪਰਵਾਈ ਦਾ ਸੀ ਜਾਂ ਫਿਰ ਕੁਝ ਹੋਰ ਇਸ ਦੀ ਜਾਂਚ ਚੱਲ ਰਹੀ ਹੈ ।

DRO ਨੇ ਕੇਸ ਦਰਜ ਕਰਵਾਇਆ

ਜ਼ਿਲ੍ਹੇ ਦੇ ਰੈਵਿਨਿਊ ਵਿਭਾਗ ਦੇ ਅਧਿਕਾਰੀ (DRO) ਸਰੋਜ ਅਗਰਵਾਲ ਨੇ ਕਿਸਾਨ ਗੁਰਦੀਪ ਸਿੰਘ ਦੇ ਖਿਲਾਫ਼ FIR ਦਰਜ ਕਰਵਾਈ ਹੈ । ਜਦਕਿ ਜਿਸ ਮੁਲਾਜ਼ਮ ਨੇ ਇਹ ਲਾਪਰਵਾਈ ਕੀਤੀ ਹੈ ਉਸ ਦੇ ਖਿਲਾਫ਼ ਕੋਈ ਵੀ ਕਾਰਵਾਈ ਹੋਈ ਹੈ । ਕਿਸਾਨ ਨੇ ਖ਼ਾਤੇ ਵਿੱਚ ਆਏ 9 ਕਰੋੜ 44 ਲੱਖ ਨਾਲ ਕਾਫੀ ਜ਼ਮੀਨ ਖਰੀਦ ਲਈ ਹੈ । ਜਦੋਂ ਵਿਭਾਗ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਸ ਵੇਲੇ ਗੁਰਦੀਪ ਕਾਫੀ ਜ਼ਮੀਨ ਖਰੀਦ ਚੁੱਕਾ ਸੀ ।ਹਾਲਾਂਕਿ ਗੁਰਦੀਪ ਨੇ ਡੇਢ ਕਰੋੜ ਵਾਪਸ ਕਰ ਦਿੱਤੇ ਹਨ । ਜਦਕਿ 7 ਕਰੋੜ 81 ਲੱਖ 28 ਹਜ਼ਾਰ 494 ਰੁਪਏ ਹੁਣ ਵੀ ਉਸ ਨੇ ਦੇਣੇ ਹਨ। ਪੁਲਿਸ ਨੇ DRO ਦੀ ਸ਼ਿਕਾਇਤ ‘ਤੇ ਉਸ ਦੇ ਖਿਲਾਫ਼ ਸ਼ਿਕਾਇਤ ਦਰਜ ਕਰ ਲਈ ਹੈ ।

ਰੈਵਿਨਿਊ ਅਧਿਕਾਰੀ ਨੇ ਜਾਂਚ ਦੇ ਹੁਕਮ ਦਿੱਤੇ

ਰੈਵਿਨਿਊ ਅਧਿਕਾਰੀ ਨੇ ਦੱਸਿਆ ਹੈ ਕਿ ਡੀਸੀ ਵੱਲੋਂ ਪਹਿਲਾਂ ਵਿਭਾਗੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ ਕਿਸਾਨ ਦੇ ਖਾਤੇ ਵਿੱਚ ਇੰਨੀ ਵੱਡੀ ਰਕਮ ਕਿਵੇਂ ਪਹੁੰਚੀ ? ਕਿਹੜਾ ਅਧਿਕਾਰੀ ਇਸ ਦੇ ਲਈ ਜ਼ਿੰਮੇਵਾਰੀ ਹੈ ਅਤੇ ਉਸ ‘ਤੇ ਕੀ ਕਾਰਵਾਈ ਕੀਤੀ ਜਾਵੇਗੀ ?