ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ)- ਪੰਜਾਬ ਵਿੱਚ ਲੋਕ ਸਭਾ ਦੇ ਚੋਣ ਨਤੀਜਿਆਂ ਤੋਂ 6ਵੇਂ ਦਿਨ ਮੁੜ ਤੋਂ ਚੋਣਾਂ ਦਾ ਐਲਾਨ ਹੋ ਗਿਆ ਹੈ। ਜਲੰਧਰ ਪੱਛਮੀ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣ ਦਾ ਐਲਾਨ ਹੋ ਗਿਆ ਹੈ। 30 ਮਈ ਨੂੰ ਆਪ ਦੇ ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫ਼ਾ ਸਪੀਕਰ ਕੁਲਤਾਰ ਸੰਧਵਾਂ ਨੇ ਮਨਜ਼ੂਰ ਕਰ ਲਿਆ ਸੀ। ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ 10 ਜੁਲਾਈ ਨੂੰ ਵੋਟਿੰਗ ਹੋਵੇਗੀ ਅਤੇ 13 ਜੁਲਾਈ ਨੂੰ ਨਤੀਜਿਆਂ ਦਾ ਐਲਾਨ ਹੋ ਜਾਵੇਗਾ। 14 ਜੂਨ ਤੋਂ 21 ਜੂਨ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ 24 ਜੂਨ ਨੂੰ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ।
1 ਜੂਨ ਸ਼ੀਤਲ ਅੰਗੁਰਾਲ ਨੇ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਚਿੱਠੀ ਲਿਖੀ ਸੀ। ਪਰ ਇਸ ਤੋਂ ਪਹਿਲਾਂ ਹੀ ਸਪੀਕਰ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਸੀ। ਹਾਲਾਂਕਿ ਸ਼ੀਤਲ ਨੇ ਕਿਹਾ ਸੀ ਕਿ ਮੈਂ ਇਸ ਦੇ ਖ਼ਿਲਾਫ਼ ਅਦਾਲਤ ਜਾਵਾਂਗਾ। ਉੱਧਰ ਚੋਣ ਕਮਿਸ਼ਨ ਦੇ ਨੋਟੀਫਿਕੇਸ਼ਨ ਮੁਤਾਬਕ 10 ਜੁਲਾਈ ਨੂੰ ਦੇਸ਼ ਦੀਆਂ 12 ਵਿਧਾਨਸਭਾ ਸੀਟਾਂ ’ਤੇ ਜ਼ਿਮਨੀ ਚੋਣ ਹੋਵੇਗੀ।
ਸ਼ੀਤਲ ਅੰਗੁਰਾਲ ਬੀਜੇਪੀ ਵਿੱਚ ਹੋਏ ਸਨ ਸ਼ਾਮਲ
ਚੋਣਾਂ ਦੇ ਐਲਾਨ ਤੋਂ ਕੁਝ ਦਿਨ ਪਹਿਲਾਂ ਹੀ ਆਪ ਦੇ ਵਿਧਾਇਕ ਸ਼ੀਤਲ ਅੰਗੁਰਾਲ, ਜਲੰਧਰ ਤੋਂ ਬੀਜੇਪੀ ਦੇ ਲੋਕ ਸਭਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ। ਇਸ ਦੇ ਨਾਲ ਹੀ ਸ਼ੀਤਲ ਨੇ ਆਪਣਾ ਅਸਤੀਫ਼ਾ ਵੀ ਸਪੀਕਰ ਨੂੰ ਸੌਂਪ ਦਿੱਤਾ ਸੀ ਪਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ 2 ਮਹੀਨੇ ਬਾਅਦ ਸ਼ੀਤਲ ਦਾ ਅਸਤੀਫ਼ਾ ਮਨਜ਼ੂਰ ਕੀਤਾ ਗਿਆ।
ਹੁਣ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਵੀ ਲੋਕਸਭਾ ਚੋਣ ਹਾਰ ਗਏ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ੀਤਲ ਅੰਗੁਰਾਲ ਨੇ ਹੀ ਕਾਂਗਰਸ ਤੋਂ ਚੋਣ ਲੜੇ ਸੁਸ਼ੀਲ ਕੁਮਾਰ ਰਿੰਕੂ ਨੂੰ ਹਰਾਇਆ ਸੀ। ਚੋਣ ਨਤੀਜਿਆਂ ਤੋਂ ਬਾਅਦ ਸ਼ੀਤਲ ਅੰਗੁਰਾਲ ਨੂੰ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੀ ਜਿੱਤ ਦਾ ਅੰਦਾਜ਼ਾ ਲੱਗ ਗਿਆ ਸੀ, ਇਸੇ ਲਈ ਉਨ੍ਹਾਂ ਨੇ ਆਪਣਾ ਅਸਤੀਫ਼ਾ ਵਾਪਸ ਲਿਆ ਸੀ ਪਰ ਉਨ੍ਹਾਂ ਦਾ ਇਹ ਦਾਅ ਨਹੀਂ ਚੱਲਿਆ।
ਹੁਣ ਬੀਜੇਪੀ ਜਲੰਧਰ ਪੱਛਮੀ ਦੀ ਸੀਟ ’ਤੇ ਸ਼ੀਤਰ ਅੰਗੁਰਾਲ ਜਾਂ ਫਿਰ ਸੁਸ਼ੀਲ ਕੁਮਾਰ ਰਿੰਕੂ ਵਿੱਚ ਕਿਸ ਨੂੰ ਟਿਕਟ ਦੇਵੇਗੀ ਇਹ ਵੇਖਣਾ ਹੋਵੇਗਾ। ਜਿਸ ਤਰ੍ਹਾਂ ਰਿੰਕੂ ਲੋਕ ਸਭਾ ਚੋਣਾਂ ਵਿੱਚ ਦੂਜੇ ਨੰਬਰ ’ਤੇ ਰਹੇ, ਉਸ ਹਿਸਾਬ ਨਾਲ ਪਾਰਟੀ ਰਿੰਕੂ ’ਤੇ ਦਾਅ ਖੇਡ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ੀਤਲ ਅੰਗੁਰਾਲ ਲਈ ਵੱਡਾ ਝਟਕਾ ਹੋਵੇਗਾ। ਵੈਸੇ ਜਲੰਧਰ ਲੋਕ ਸਭਾ ਦੇ ਨਤੀਜਿਆਂ ਵਿੱਚ ਜਲੰਧਰ ਪੱਛਮੀ ਸੀਟ ਤੋਂ ਕਾਂਗਰਸ ਨੂੰ ਵੱਡੀ ਲੀਡ ਮਿਲੀ ਸੀ। ਜਲੰਧਰ ਪੱਛਮੀ ’ਤੇ ਇੱਕ ਵਾਰ ਮੁੜ ਤੋਂ ਚੌਤਰਫ਼ਾ ਮੁਕਾਬਲਾ ਵੇਖਣ ਨੂੰ ਮਿਲ ਸਕਦਾ ਹੈ।
ਪੰਜਾਬ ਦੀਆਂ 3 ਹੋਰ ਸੀਟਾਂ ’ਤੇ ਹੋਣਗੀਆਂ ਜ਼ਿਮਨੀ ਚੋਣਾਂ
ਪੰਜਾਬ ਦੇ 3 ਹੋਰ ਵਿਧਾਇਕ ਲੋਕ ਸਭਾ ਚੋਣ ਜਿੱਤੇ ਹਨ, ਜਿਸ ਤੋਂ ਬਾਅਦ ਹੁਣ ਇੱਥੇ ਵੀ ਜ਼ਿਮਨੀ ਚੋਣ ਹੋਣੀ ਹੈ ਹਾਲਾਂਕਿ ਫਿਲਹਾਲ ਇਸ ਦੀ ਤਰੀਕ ਦਾ ਐਲਾਨ ਨਹੀਂ ਹੋਇਆ। ਸੁਖਜਿੰਦਰ ਰੰਧਾਵਾ ਹੁਣ ਗੁਰਦਾਸਪੁਰ ਤੋਂ ਐੱਮਪੀ ਬਣ ਗਏ ਹਨ, ਉਨ੍ਹਾਂ ਦੀ ਡੇਰਾ ਬਾਬਾ ਨਾਨਕ ਸੀਟ ਖਾਲੀ ਹੋਈ ਹੈ, ਜਿੱਥੋਂ ਉਨ੍ਹਾਂ ਦੇ ਪੁੱਤਰ ਚੋਣ ਲੜ ਸਕਦੇ ਹਨ।
ਰਾਜਾ ਵੜਿੰਗ ਲੁਧਿਆਣਾ ਤੋਂ ਐੱਮਪੀ ਬਣੇ ਹਨ ਉਨ੍ਹਾਂ ਦੀ ਗਿੱਦੜਬਾਹਾ ਸੀਟ ਖ਼ਾਲੀ ਹੋਈ ਹੈ, ਹੁਣ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਇਸ ਸੀਟ ਤੋਂ ਵੱਡੀ ਦਾਅਵੇਦਾਰ ਹੈ। ਗੁਰਮੀਤ ਸਿੰਘ ਮੀਤ ਹੇਅਰ ਵੀ ਸੰਗਰੂਰ ਲੋਕਸਭਾ ਸੀਟ ਤੋਂ ਵੱਡੀ ਜਿੱਤ ਹਾਸਲ ਕਰਕੇ ਲੋਕ ਸਭਾ ਪਹੁੰਚ ਗਏ ਹਨ। ਹੁਣ ਬਰਨਾਲਾ ਸੀਟ ਖਾਲੀ ਹੋਈ ਹੈ। ਉਮੀਦ ਹੈ ਪਾਰਟੀ ਕਾਂਗਰਸ ਤੋਂ ਆਪ ਵਿੱਚ ਆਏ ਦਲਬੀਰ ਸਿੰਘ ਗੋਲਡੀ ਨੂੰ ਮੈਦਾਨ ਵਿੱਚ ਉਤਾਰ ਸਕਦੀ ਹੈ।