Punjab

ਖੰਨਾ ’ਚ ਕਾਰੋਬਾਰੀ ਨੇ ਪਤਨੀ ਨੂੰ ਮਾਰੀਆਂ ਗੋਲ਼ੀਆਂ! ਕਾਰੋਬਾਰ ’ਚ ਨੁਕਸਾਨ ਤੋਂ ਮਾਨਸਿਕ ਤੌਰ ’ਤੇ ਸੀ ਪ੍ਰੇਸ਼ਾਨ

ਬਿਉਰੋ ਰਿਪੋਰਟ: ਖੰਨਾ ਦੇ ਅਮਲੋਹ ਰੋਡ ਸਥਿਤ ਰਾਧਾ ਇਨਕਲੇਵ ਵਿੱਚ ਇੱਕ ਵਪਾਰੀ ਨੇ ਆਪਣੀ ਪਤਨੀ ਨੂੰ ਗੋਲ਼ੀਆਂ ਮਾਰ ਦਿੱਤੀਆਂ। ਗੰਭੀਰ ਜ਼ਖ਼ਮੀ ਪਤਨੀ ਨੂੰ ਡੀਐਮਸੀ ਲੁਧਿਆਣਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀ ਔਰਤ ਦੀ ਪਛਾਣ ਅੰਜਲੀ ਕੌਸ਼ਲ (53) ਵਜੋਂ ਹੋਈ ਹੈ। ਮੁਲਜ਼ਮਾਂ ਨੇ ਸ਼ਰਾਬ ਦੇ ਨਸ਼ੇ ਵਿੱਚ ਗੋਲ਼ੀ ਚਲਾਈ। ਕਾਰੋਬਾਰ ਵਿੱਚ ਘਾਟੇ ਤੋਂ ਬਾਅਦ ਮੁਲਜ਼ਮ ਵਰਿੰਦਰ ਕੌਸ਼ਲ ਵਾਸੀ ਰਾਧਾ ਐਨਕਲੇਵ ਖੰਨਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਅਕਸਰ ਘਰ ਵਿੱਚ ਲੜਾਈ ਝਗੜਾ ਕਰਦਾ ਰਹਿੰਦਾ ਸੀ ਅਤੇ ਆਪਣੀ ਪਤਨੀ ਨੂੰ ਵੱਖ ਰਹਿਣ ਲਈ ਮਜਬੂਰ ਕਰਦਾ ਸੀ। ਇਸੇ ਗੱਲ ਨੂੰ ਲੈ ਕੇ ਉਸ ਨੇ ਗੋਲ਼ੀ ਚਲਾ ਦਿੱਤੀ।

ਜਾਣਕਾਰੀ ਅਨੁਸਾਰ ਵਰਿੰਦਰ ਕੌਸ਼ਲ ਦੀ ਕੁਝ ਸਮਾਂ ਪਹਿਲਾਂ ਅਮਲੋਹ ਰੋਡ ’ਤੇ ਸੁਮਿੱਤਰਾ ਗੈਸ ਏਜੰਸੀ ਸੀ। ਪਰ ਕਾਰੋਬਾਰ ਵਿੱਚ ਘਾਟਾ ਪੈਣ ਤੋਂ ਬਾਅਦ ਵਰਿੰਦਰ ਕੌਸ਼ਲ ਨੂੰ ਬਹੁਤ ਚਿੰਤਾ ਹੋਣ ਲੱਗੀ। ਵਰਿੰਦਰ ਦੀ ਬੇਟੀ ਕੈਨੇਡਾ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਵਰਿੰਦਰ ਕੌਸ਼ਲ ਅਤੇ ਉਸ ਦੀ ਪਤਨੀ ਅੰਜਲੀ ਕੌਸ਼ਲ ਆਪਣੀ ਬੇਟੀ ਕੋਲ ਕੈਨੇਡਾ ਗਏ ਹੋਏ ਸਨ। ਦੋਵੇਂ ਇਨ੍ਹੀਂ ਦਿਨੀਂ ਖੰਨਾ ਵਾਪਸ ਆ ਗਏ ਸਨ ਅਤੇ ਰਾਧਾ ਐਨਕਲੇਵ ਵਿੱਚ ਰਹਿੰਦੇ ਸਨ। ਬੁੱਧਵਾਰ ਨੂੰ ਕ੍ਰਿਸ਼ਨਾ ਨਗਰ ਸਥਿਤ ਅੰਜਲੀ ਕੌਸ਼ਲ ਦੇ ਨਾਨਕੇ ਘਰ ’ਚ ਸ਼ਰਾਧ ਰੱਖਿਆ ਗਿਆ ਸੀ।

ਅੰਜਲੀ ਬੁੱਧਵਾਰ ਰਾਤ ਨੂੰ ਆਪਣੇ ਘਰ ਆਈ ਸੀ। ਰਾਤ ਕਰੀਬ ਸਾਢੇ 12 ਵਜੇ ਅੰਜਲੀ ਨੇ ਆਪਣੇ ਪੇਕੇ ਘਰ ਫ਼ੋਨ ਕੀਤਾ ਕਿ ਕਿ ਵਰਿੰਦਰ ਕੌਸ਼ਲ ਉਸ ਨਾਲ ਦੁਰਵਿਵਹਾਰ ਕਰ ਰਿਹਾ ਹੈ। ਉਸ ਦੀ ਕੁੱਟਮਾਰ ਕਰ ਰਿਹਾ ਹੈ। ਕ੍ਰਿਸ਼ਨਾ ਨਗਰ ਤੋਂ ਅੰਜਲੀ ਦੇ ਭੈਣ-ਭਰਾ ਉਥੇ ਆਏ ਤਾਂ ਦੇਖਿਆ ਕਿ ਵਰਿੰਦਰ ਕੌਸ਼ਲ 12 ਬੋਰ ਦੀ ਬੰਦੂਕ ਨਾਲ ਫਾਇਰ ਕਰ ਰਿਹਾ ਸੀ। ਪਹਿਲਾਂ ਹਵਾ ਵਿੱਚ ਫਾਇਰਿੰਗ ਕੀਤੀ। ਫਿਰ ਉਨ੍ਹਾਂ ਨੂੰ ਦੇਖ ਕੇ ਵਰਿੰਦਰ ਕੌਸ਼ਲ ਨੇ ਅੰਜਲੀ ਨੂੰ ਗੋਲ਼ੀ ਮਾਰ ਦਿੱਤੀ। ਵਰਿੰਦਰ ਬੰਦੂਕ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਉਹ ਅੰਜਲੀ ਨੂੰ ਸਿਵਲ ਹਸਪਤਾਲ ਲੈ ਗਏ, ਜਿੱਥੋਂ ਅੰਜਲੀ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪਰ ਉਹ ਅੰਜਲੀ ਨੂੰ ਡੀਐਮਸੀ ਲੁਧਿਆਣਾ ਲੈ ਗਏ। ਮੁਲਜ਼ਮ ਕਾਰੋਬਾਰੀ ਨੂੰ ਪੁਲਿਸ ਨੇ ਲੱਭ ਕੇ ਗ੍ਰਿਫ਼ਤਾਰ ਕਰ ਲਿਆ ਹੈ।