Punjab

ਦੋ ਘੰਟੇ ਨਹੀਂ ਚੱਲੀਆਂ ਬੱਸਾਂ

‘ਦ ਖ਼ਾਲਸ ਬਿਊਰੋ : ਪਨਬੱਸ ਅਤੇ ਪੀਅਰਟੀਸੀ ਕੰਟ੍ਰੈਕਟ ਵਰਕਰ ਯੂਨੀਅਨ ਵਲੋਂ ਆਪਣੀਆਂ ਲਟਕ ਰਹੀਆਂ ਮੰਗਾ ਨੂੰ ਲੈਕੇ ਅੱਜ ਪੰਜਾਬ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰਦੇ ਹੋਏ ਪੂਰੇ ਪੰਜਾਬ ਭਰ ਚ 2 ਘੰਟੇ ਬੱਸ ਸਟੈਂਡਾਂ ਦਾ ਚੱਕਾ ਜਾਮ ਕਰ ਧਰਨਾ ਪ੍ਰਦਰਸ਼ਨ ਕੀਤਾ ਗਿਆ । ਬਟਾਲਾ ਬਸ ਸਟੈਂਡ ਵਿਖੇ ਧਰਨਾ ਦੇ ਰਹੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ  । ਜਦਕਿ ਉਹਨਾਂ ਦੀਆ ਮੰਗਾਂ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ।

 ਰੂਪਨਗਰ ਰੋਡਵੇਜ਼ ਦਫਤਰ ਦੇ ਬਾਹਰ ਪਨਬੱਸ ਅਤੇ ਪੀਆਰਟੀਸੀ ਕੱਚੇ  ਮੁਲਾਜ਼ਮਾਂ ਵੱਲੋਂ ਅੱਜ 10 ਵਜੇ ਤੋਂ 12 ਵਜੇ ਤੱਕ ਦੋ ਘੰਟੇ ਦੇ ਲਈ ਰੂਪਨਗਰ ਬੱਸ ਅੱਡਾ  ਬੰਦ ਕੀਤਾ ਗਿਆ। ਪਨਬੱਸ ਅਤੇ ਪੀਆਰਟੀਸੀ ਦੇ ਕੱਚੇ  ਕਰਮਚਾਰੀਆਂ ਵੱਲੋਂ ਤਨਖਾਹਾਂ ਨੂੰ ਸਮੇਂ ਸਿਰ ਨਾ ਮਿਲਣ ਉੱਤੇ ਰੂਪਨਗਰ ਬੱਸ ਅੱਡਾ ਬੰਦ ਕੀਤਾ ਗਿਆ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਸਾਡੇ ਪਰਿਵਾਰਾਂ ਬਾਰੇ ਸੋਚਣਾ ਚਾਹੀਦਾ ਹੈ  ਕਿ ਤਨਖਾਹ ਪਹਿਲਾਂ ਹੀ ਸਾਨੂੰ ਘੱਟ ਮਿਲ ਰਹੀਆਂ ਹਨ। ਜਦਕਿ ਉਹ 12 ਤੋਂ 14 ਘੰਟੇ ਕੰਮ ਕਰਦੇ ਹਨ ਅਤੇ ਇਸ ਤੋਂ ਬਾਅਦ ਵੀ ਉਹਨਾਂ ਨੂੰ ਤਨਖਾਹ ਹਰ ਵਾਰ ਦੇਰੀ ਨਾ ਮਿਲਦੀ ਹੈ। 

ਜਿਸ ਨਾਲ ਸਾਡੇ ਆਰਥਿਕ ਹਾਲਾਤ ਖ਼ਰਾਬ ਹੋ ਰਹੇ ਹਨ। ਕਰਮਚਾਰੀਆਂ ਨੇ ਕਿਹਾ ਕਿ ਉਹਨਾਂ ਦੀ ਤਨਖਾਹ ਪਹਿਲਾਂ ਹੀ ਬਹੁਤ ਘੱਟ ਹੈ ਅਤੇ ਜਦੋਂ ਉਹ ਘੱਟ ਤਨਖਾਹ ਵੀ ਸਮੇਂ ਤੋਂ ਬਹੁਤ ਦੇਰ ਬਾਅਦ ਮਿਲਦੀ ਹੈ ਤਾਂ ਉਸ ਤਨਖਾਹ ਮਿਲਣ ਦਾ ਕੋਈ ਬਹੁਤਾ ਅਰਥ ਨਹੀਂ ਰਹਿ ਜਾਂਦਾ।ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਮੇਂ ਉੱਤੇ ਸਾਡੀਆਂ ਤਨਖ਼ਾਹਾਂ ਪਾਈਆਂ ਜਾਣ ਤਾਂ ਜੋ ਸਾਡੀ ਆਰਥਿਕ ਹਾਲਤ ਸੁਧਰ ਸਕੇ  ।

ਯੂਨੀਅਨ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੱਕੇ ਸਰਕਾਰੀ ਰੁਜ਼ਗਾਰ ਦੇਣ ਦੇ ਐਲਾਨ ਕੀਤੇ ਗਏ ਸਨ ਪਰ ਇਸਦੇ ਉਲਟ ਪਨਬੱਸ ਵਿੱਚ ਆਊਟਸੋਰਸਿੰਗ ਤੇ 1378 ਮੁਲਾਜ਼ਮਾਂ ਦੀ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਪੀ ਆਰ ਟੀ ਸੀ ਵਿੱਚ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਨੂੰ ਕਿਲੋਮੀਟਰ ਸਕੀਮ ਤਹਿਤ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦਾ ਸਿੱਧਾ ਫਾਇਦਾ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਮਿਲੇਗਾ।

ਮੁਲਾਜ਼ਮਾਂ ਦਾ ਕਹਿਣਾ ਹੈ ਕਿ ਆਪਣੇ ਮਹਿਕਮੇ ਨੂੰ ਬਚਾਉਣ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦਵਾਉਣ ਲਈ ਕਿਲੋਮੀਟਰ ਸਕੀਮ ਬੱਸਾਂ ਦਾ ਯੂਨੀਅਨ ਵਲੋਂ ਸਖ਼ਤ ਵਿਰੋਧ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਨੂੰ ਪ੍ਰਵਾਨ ਕਰਨ ਦੀ ਥਾਂ ‘ਤੇ ਮੌਜੂਦਾ ਆਪ ਸਰਕਾਰ ਵਲੋਂ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਨੂੰ ਹਰ ਮਹੀਨੇ ਤਨਖਾਹ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ। ਉਹਨਾਂ ਸਰਕਾਰ ਨੂੰ ਸਿੱਧੀ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜਿਵੇਂ ਅੱਜ ਪੰਜਾਬ ਦੇ ਸਾਰੇ ਬੱਸ ਸਟੈਡ ਬੰਦ ਕਰਕੇ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ ਅਤੇ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੀ 19 ਜੁਲਾਈ ਨੂੰ ਪੂਰੇ ਪੰਜਾਬ ਵਿੱਚ ਰੋਡ ਬਲੌਕ ਅਤੇ ਹੜਤਾਲ ਕਰਨ ਲਈ ਯੂਨੀਅਨ ਮਜਬੂਰ ਹੋਵੇਗੀ।