‘ਦ ਖ਼ਾਲਸ ਬਿਊਰੋ : ਪੰਜਾਬ ਤੋਂ ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੱਕ ਬੱਸ ਸੇਵਾਵਾਂ ਮੁੜ ਸ਼ੁਰੂ ਹੋ ਸਕਦੀਆਂ ਹਨ। ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਦਾ ਟਰਾਂਸਪੋਰਟ ਵਿਭਾਗ ਪਿਛਲੇ ਤਿੰਨ ਹਫ਼ਤਿਆਂ ਤੋਂ ਲਗਾਤਾਰ ਦਿੱਲੀ ਸਰਕਾਰ ਨਾਲ ਮੀਟਿੰਗਾਂ ਕਰ ਰਿਹਾ ਹੈ। ਜੇਕਰ ਇਹ ਮੀਟਿੰਗਾਂ ਸਫਲ ਹੁੰਦੀਆਂ ਹਨ ਤਾਂ ਕਰੀਬ ਚਾਰ ਸਾਲਾਂ ਬਾਅਦ ਪੰਜਾਬ ਸਰਕਾਰ ਦੀਆਂ ਬੱਸਾਂ ਦਿੱਲੀ ਇੰਟਰਨੈਸ਼ਨਲ ਹਵਾਈ ਅੱਡੇ ਤੱਕ ਪੁੱਜਣਗੀਆਂ।
ਪੰਜਾਬ ‘ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪੈਪਸੂ ਰੋਡ ਟਰਾਂਸਪੋਰਟ, ਪੰਜਾਬ ਰੋਡਵੇਜ਼ ਅਤੇ ਪਨਬੱਸ ਨੇ ਦਿੱਲੀ ਸਰਕਾਰ ਨੂੰ ਬੱਸ ਸੇਵਾ ਮੁੜ ਸ਼ੁਰੂ ਕਰਨ ਲਈ ਪ੍ਰਸਤਾਵ ਭੇਜਿਆ ਸੀ। ਇਸ ਪ੍ਰਸਤਾਵ ਤੋਂ ਬਾਅਦ ਪੰਜਾਬ ਟਰਾਂਸਪੋਰਟ ਅਤੇ ਦਿੱਲੀ ਸਰਕਾਰ ਵਿਚਾਲੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਇੰਨਾ ਹੀ ਨਹੀਂ ਮੀਟਿੰਗਾਂ ਦਾ ਇਹ ਦੌਰ ਸਫਲ ਹੁੰਦਾ ਵੀ ਨਜ਼ਰ ਆ ਰਿਹਾ ਹੈ।