Punjab

ਬਠਿੰਡਾ ‘ਚ ਬੱਸਾਂ ਦੀ ਸਮਾਂ ਸਾਰਣੀ ਪਹਿਲਾਂ ਵਾਲੀ ਬਹਾਲ, ਕਰਮਚਾਰੀਆਂ ਵੱਲੋਂ ਹੜ ਤਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਠਿੰਡਾ ਵਿੱਚ ਬੱਸਾਂ ਦੀ ਸਮਾਂ ਸਾਰਣੀ ਦੇ ਖਿਲਾਫ਼ ਪੀਆਰਟੀਸੀ, ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਹੈ। ਬੱਸ ਅੱਡੇ ਨੂੰ ਵੱਖ-ਵੱਖ ਦਿਸ਼ਾਵਾਂ ਤੋਂ ਆਉਂਦੀਆਂ ਸੜਕਾਂ ’ਤੇ ਸਰਕਾਰੀ ਬੱਸਾਂ ਟੇਢੀਆਂ ਖੜ੍ਹੀਆਂ ਕਰਕੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਇਸ ਹਾਲਤ ’ਚ ਇਨ੍ਹਾਂ ਰਸਤਿਆਂ ਤੋਂ ਲੰਘਣ ਵਾਲੇ ਵਾਹਨਾਂ ਨੂੰ ਟ੍ਰੈਫ਼ਿਕ ਪੁਲਿਸ ਵੱਲੋਂ ਬਦਲਵੇਂ ਰਾਹਾਂ ਤੋਂ ਅੱਗੇ ਵੱਲ ਤੋਰਿਆ ਜਾ ਰਿਹਾ ਹੈ।

ਪੀਆਰਟੀਸੀ, ਪੰਜਾਬ ਰੋਡਵੇਜ਼ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਸੰਦੀਪ ਗਰੇਵਾਲ ਤੇ ਮੀਤ ਪ੍ਰਧਾਨ ਗੁਰਦੀਪ ਸਿੰਘ, ਪੀਆਰਟੀਸੀ ਐਂਪਲਾਈਜ਼ ਯੂਨੀਅਨ (ਏਟਕ) ਦੇ ਪ੍ਰਧਾਨ ਗੰਡਾ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਖ਼ਲ ਦੇ ਕੇ ਬੱਸਾਂ ਦੀ ਸਮਾਂ ਸਾਰਣੀ ਨੂੰ ਤਰਕਸੰਗਤ ਬਣਵਾ ਕੇ ਲਾਗੂ ਕਰਵਾਇਆ ਸੀ ਪਰ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੁਰਾਣਾ ਟਾਈਮ ਟੇਬਲ ਮੁੜ ਬਹਾਲ ਕਰ ਦਿੱਤਾ ਗਿਆ ਹੈ। ਨਤੀਜੇ ਵਜੋਂ ਸਰਕਾਰੀ ਬੱਸਾਂ ਨੂੰ ਸਿਰਫ 3 ਜਾਂ 4 ਮਿੰਟ ਕਾਊਂਟਰ ’ਤੇ ਰੁਕਣ ਦਾ ਸਮਾਂ ਮਿਲ ਰਿਹਾ ਹੈ, ਜਦ ਕਿ ਵੱਡੇ ਟਰਾਂਸਪੋਰਟ ਘਰਾਣਿਆਂ ਦੀਆਂ ਬੱਸਾਂ 20 ਮਿੰਟ ਤੱਕ ਰੁਕਣ ਲੱਗੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਪੀਆਰਟੀਸੀ ਬਠਿੰਡਾ ਦੇ ਇਕੱਲੇ ਡਿੱਪੂ ਨੂੰ ਹੀ ਰੋਜ਼ਾਨਾ 3 ਤੋਂ 4 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਣ ਲੱਗਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਸਰਕਾਰੀ ਬੱਸ ਕਰਮਚਾਰੀਆਂ ਦੀਆਂ 6 ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਵਫ਼ਦ ਮਸਲੇ ਦੇ ਹੱਲ ਦੀ ਮੰਗ ਲੈ ਕੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਿਆ ਸੀ। ਆਗੂਆਂ ਨੇ ਸਖ਼ਤ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਫ਼ਰੀਦਕੋਟ, ਸੰਗਰੂਰ, ਬਰਨਾਲਾ ਸਥਿਤ ਪੀਆਰਟੀਸੀ ਦੇ ਡਿੱਪੂ ਇੱਕ ਘੰਟੇ ਦੇ ਵਿੱਚ-ਵਿੱਚ ਬੰਦ ਕਰ ਦਿੱਤੇ ਜਾਣਗੇ ਅਤੇ ਕੱਲ੍ਹ ਸਰਕਾਰੀ ਟਰਾਂਸਪੋਰਟ ਦੇ ਪੰਜਾਬ ਭਰ ਵਿਚਲੇ ਸਮੁੱਚੇ ਡਿੱਪੂ ਬੰਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਉਪਜਣ ਦੀ ਸਾਰੀ ਜ਼ਿੰਮੇਵਾਰੀ ਆਰਟੀਏ ਬਠਿੰਡਾ ਅਤੇ ਚੋਣ ਕਮਿਸ਼ਨ ਦੀ ਹੋਵੇਗੀ।