ਬੀਤੀ ਰਾਤ ਖੰਨਾ ਵਿਚ ਨੈਸ਼ਨਲ ਹਾਈਵੇਅ ‘ਤੇ ਭਿਆਨਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਮਜ਼ਦੂਰ ਲੈ ਕੇ ਆ ਰਹੀ ਬੱਸ ਨੂੰ ਪਿੱਛਿਓਂ ਇੱਕ ਟਰਾਲੇ ਨੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਬੱਸ ਬੇਕਾਬੂ ਹੋ ਕੇ ਅੱਗੇ ਇੱਕ ਬਿਜਲੀ ਦੇ ਟ੍ਰਾਂਸਫਾਰਮਰ ਨਾਲ ਜਾ ਵੱਜੀ, ਜੋ ਲਗਭਗ 150 ਮੀਟਰ ਦੀ ਦੂਰੀ ’ਤੇ ਸਥਿਤ ਸੀ। ਇਸ ਹਾਦਸੇ ਵਿੱਚ 25 ਤੋਂ 30 ਮਜ਼ਦੂਰ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਖੰਨਾ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਲਗਭਗ 65 ਮਜ਼ਦੂਰ ਬੱਸ ਵਿੱਚ ਸਵਾਰ ਹੋ ਕੇ ਪੰਜਾਬ ਝੋਨਾ ਲਾਉਣ ਲਈ ਆ ਰਹੇ ਸਨ। ਅੱਧੇ ਮਜ਼ਦੂਰਾਂ ਨੂੰ ਖੰਨਾ ਵਿੱਚ ਉਤਾਰਨਾ ਸੀ। ਬੀਤੀ ਰਾਤ ਤਕਰੀਬਨ ਸਾਢੇ 12 ਵਜੇ ਦੇ ਕਰੀਬ ਬੱਸ ਨੈਸ਼ਨਲ ਹਾਈਵੇ ‘ਤੇ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਬਣੇ ਕੱਟ ‘ਤੇ ਰੁਕੀ। ਅਜੇ ਕੁੱਝ ਮਜ਼ਦੂਰ ਹੇਠਾਂ ਉਤਰੇ ਹੀ ਸੀ ਕਿ ਉਦੋਂ ਹੀ ਮਗਰੋਂ ਤੇਜ਼ ਰਫ਼ਤਾਰ ਟਰਾਲੇ ਨੇ ਆ ਕੇ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੂਰ ਤਕ ਇਸ ਦੀ ਆਵਾਜ਼ ਗਈ। ਇਸ ਮਗਰੋਂ ਬੱਸ ਥੋੜਈ ਦੂਰ ਜਾ ਕੇ ਟ੍ਰਾਂਸਫਾਰਮਰ ਨਾਲ ਟਕਰਾ ਗਈ। ਜ਼ੋਰਦਾਰ ਧਮਾਕਾ ਹੋਇਆ। ਮਜ਼ਦੂਰਾਂ ਵਿਚਾਲੇ ਚੀਕ ਚਿਹਾੜਾ ਮੱਚ ਗਿਆ।
ਨਿੱਜੀ ਐਂਬੂਲੈਂਸ ਲੈ ਕੇ ਪਹੁੰਚਿਆ ਪਾਰਕਿੰਗ ਠੇਕੇਦਾਰ
ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਨਜ਼ਦੀਕੀ ਸਿਵਲ ਹਸਪਤਾਲ ‘ਚ ਮੌਜੂਦ ਪਾਰਕਿੰਗ ਠੇਕੇਦਾਰ ਬਲਜਿੰਦਰ ਸਿੰਘ ਟੀਟੂ ਆਪਣੇ ਸਾਥੀਆਂ ਸਮੇਤ ਮੌਕੇ ‘ਤੇ ਪਹੁੰਚਿਆ। ਉੱਥੇ ਸਥਿਤੀ ਨੂੰ ਦੇਖਦੇ ਹੋਏ ਟੀਟੂ ਨੇ ਆਪਣੀ ਨਿੱਜੀ ਐਂਬੂਲੈਂਸ ਬੁਲਾਈ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਣਾ ਸ਼ੁਰੂ ਕਰ ਦਿੱਤਾ। 108 ਐਂਬੂਲੈਂਸ ਅਤੇ ਪੁਲਿਸ ਕੰਟਰੋਲ ਰੂਮ ਨੂੰ ਵੀ ਸੂਚਿਤ ਕੀਤਾ। ਜ਼ਖਮੀਆਂ ਦੀ ਮਦਦ ਲਈ ਰਾਹਗੀਰ ਵੀ ਰੁਕ ਗਏ। ਰੋਡ ਸੇਫਟੀ ਫੋਰਸ ਨੇ ਸਾਰਿਆਂ ਦੇ ਸਹਿਯੋਗ ਨਾਲ ਬਚਾਅ ਕਾਰਜ ਨੂੰ ਅੰਜਾਮ ਦਿੱਤਾ। ਥਾਣਾ ਸਿਟੀ 2 ਦੇ ਐਸ.ਐਚ.ਓ. ਗੁਰਮੀਤ ਸਿੰਘ ਨੇ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚ ਕੇ ਸੜਕ ਨੂੰ ਸਾਫ ਕਰਵਾਇਆ ਅਤੇ ਜ਼ਖਮੀਆਂ ਦੀ ਹਰ ਸੰਭਵ ਸਹਾਇਤਾ ਕੀਤੀ।