ਚੰਡੀਗੜ੍ਹ ‘ਚ ਚੋਰਾਂ ਦਾ ਕਹਿਰ ਇਸ ਹੱਦ ਤੱਕ ਵਧਦਾ ਜਾ ਰਿਹਾ ਹੈ । ਚੰਡੀਗੜ੍ਹ ‘ਚ ਚੋਰ ਹੁਣ ਸ਼ਰੇਆਮ ਘਰਾਂ ਵਿੱਚ ਵੜ ਕੇ ਹਥਿਆਰਾਂ ਦੀ ਨੋਕ ‘ਤੇ ਚੋਰੀਆਂ ਕਰ ਰਹੇ ਹਨ। ਇਸੇ ਦੌਰਾਨ ਚੰਡੀਗੜ੍ਹ ਪੁਲਿਸ ਨੇ ਬੁਲੇਟ ਮੋਟਰਸਾਈਕਲ ਚੋਰੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਦੋ ਚਚੇਰੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਟ੍ਰਾਈਸਿਟੀ ਵਿੱਚੋਂ ਚੋਰੀ ਕੀਤੇ 15 ਬੁਲੇਟ ਮੋਟਰਸਾਈਕਲ ਬਰਾਮਦ ਕੀਤੇ ਹਨ ਜਿਨ੍ਹਾਂ ਦੀ ਕੀਮਤ 22 ਲੱਖ ਰੁਪਏ ਹੈ। ਮੁਲਜ਼ਮਾਂ ਦੀ ਪਛਾਣ ਸੰਦਰ ਸਿੰਘ (19) ਵਾਸੀ ਤਰਨ ਤਾਰਨ ਅਤੇ ਅੰਮ੍ਰਿਤਪਾਲ ਸਿੰਘ (20) ਵਾਸੀ ਫਿਰੋਜ਼ਪੁਰ ਵਜੋਂ ਹੋਈ ਹੈ।
ਐੱਸਪੀ (ਸਿਟੀ) ਸ਼ਰੁਤੀ ਅਰੋੜਾ ਨੇ ਦੱਸਿਆ ਕਿ ਸੈਕਟਰ-36 ਦੀ ਪੁਲੀਸ ਨੇ ਪਿਛਲੇ ਦਿਨੀਂ ਸੈਕਟਰ-52 ਵਿੱਚ ਕਜਹੇੜੀ ਵਿੱਚ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਸੰਦਰ ਸਿੰਘ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਪੁੱਛ-ਗਿੱਛ ਕੀਤੀ ਤਾਂ ਮੋਟਰਸਾਈਕਲ ਚੋਰੀ ਦਾ ਪਾਇਆ ਗਿਆ। ਪੁਲਿਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਜਾਂਚ ਸ਼ੁਰੂ ਕੀਤੀ ਤਾਂ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕੀਤਾ।
ਇਸ ਤਰ੍ਹਾਂ ਪੁਲਿਸ ਨੇ ਦੋਵਾਂ ਮੁਲਜ਼ਮਾਂ ਤੋਂ ਚੋਰੀ ਦੇ ਕੁੱਲ 15 ਬੁਲੇਟ ਮੋਟਰਸਾਈਕਲ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਮੁਲਜ਼ਮ ਚੰਡੀਗੜ੍ਹ ਅਤੇ ਆਲੇ-ਦੁਆਲੇ ਤੋਂ ਮੋਟਰਸਾਈਕਲ ਚੋਰੀ ਕਰ ਕੇ ਤਰਨ ਤਾਰਨ ਅਤੇ ਫਿਰੋਜ਼ਪੁਰ ਇਲਾਕੇ ਵਿੱਚ ਨੰਬਰ ਬਦਲ ਕੇ ਵੇਚ ਦਿੰਦੇ ਸਨ। ਦੋਵੇਂ ਜਣੇ ਮੋਟਰਸਾਈਕਲਾਂ ਦੇ ਬਦਲੇ ਬਿਆਨਾ ਲੈ ਲੈਂਦੇ ਅਤੇ ਬਾਕੀ ਰਕਮ ਕਾਗਜ਼ਾਤ ਦੇਣ ਸਮੇਂ ਭੁਗਤਾਨ ਕਰਨ ਦੀ ਗੱਲ ਕਰਦੇ ਸੀ ਪਰ ਉਹ ਬਾਕੀ ਰਕਮ ਲੈਣ ਹੀ ਨਹੀਂ ਜਾਂਦੇ ਸਨ।
ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਨਸ਼ੇ ਦੇ ਆਦੀ ਹਨ। ਮੁਲਜ਼ਮ ਕੋਈ ਕਾਰੋਬਾਰ ਨਹੀਂ ਕਰਦੇ। ਇਸੇ ਲਈ ਨਸ਼ੇ ਲਈ ਬਾਈਕ ਚੋਰੀ ਕਰਨ ਲਈ ਇਕ ਗਰੋਹ ਬਣਾਇਆ ਗਿਆ ਸੀ। ਬਦਮਾਸ਼ਾਂ ਨੇ ਯੂਟਿਊਬ ‘ਤੇ ਸਿਖਾਇਆ ਕਿ ਬੁਲੇਟ ਬਾਈਕ ਦਾ ਤਾਲਾ ਕਿਵੇਂ ਤੋੜਨਾ ਹੈ, ਜਿਸ ਤੋਂ ਬਾਅਦ ਉਹ ਬਾਈਕ ਚੋਰੀ ਕਰਨ ਲੱਗੇ।