Punjab

ਅੰਮ੍ਰਿਤਸਰ ’ਚ ਨਸ਼ਾ ਤਸਕਰ ਦੇ ਘਰ ’ਤੇ ਚਲਾਇਆ ਬੁਲਡੋਜ਼ਰ, ਮੁਲਜ਼ਮ ਫਰਾਰ

ਬਿਊਰੋ ਰਿਪੋਰਟ (ਅੰਮ੍ਰਿਤਸਰ, 16 ਸਤੰਬਰ 2025): ਅੰਮ੍ਰਿਤਸਰ ਵਿੱਚ ਅੱਜ ਮੰਗਲਵਾਰ ਨੂੰ ਨਸ਼ਾ ਤਸਕਰ ਮਨਦੀਪ ਕੁਮਾਰ ਉਰਫ਼ ਕਾਲੀ ਦੀ ਗੈਰਕਾਨੂੰਨੀ ਜਾਇਦਾਦ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਮਜ਼ਬੂਤੀ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਵਾਲ ਮੰਡੀ ਇਲਾਕੇ ਵਿੱਚ ਇਹ ਕਾਰਵਾਈ ਕੀਤੀ ਗਈ। ਇਥੇ ਨਗਰ ਨਿਗਮ ਦੀ ਟੀਮ ਨੇ ਪੁਲਿਸ ਦੀ ਮੌਜੂਦਗੀ ਵਿੱਚ ਉਸਦਾ ਘਰ ਢਾਹ ਦਿੱਤਾ।

ਮਨਦੀਪ ਕਾਫ਼ੀ ਸਮੇਂ ਤੋਂ ਨਸ਼ਾ ਤਸਕਰੀ ਵਿੱਚ ਸਰਗਰਮ ਸੀ ਅਤੇ ਉਸਦੇ ਖਿਲਾਫ਼ NDPS ਐਕਟ ਅਤੇ IPC ਦੀਆਂ ਵੱਖ-ਵੱਖ ਧਾਰਾਵਾਂ ਹੇਠ ਸੱਤ ਤੋਂ ਵੱਧ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ, ਅਪਰਾਧਕ ਸਾਜ਼ਿਸ਼ ਅਤੇ ਕਤਲ ਦੇ ਯਤਨ ਵਰਗੇ ਗੰਭੀਰ ਇਲਜ਼ਾਮ ਸ਼ਾਮਲ ਹਨ। ਇਸ ਵੇਲੇ ਮਨਦੀਪ ਫਰਾਰ ਹੈ।

ਪੁਲਿਸ ਅਨੁਸਾਰ, ਮਨਦੀਪ ਕਈ ਵਾਰ ਗ੍ਰਿਫ਼ਤਾਰ ਹੋਇਆ ਪਰ ਹਰ ਵਾਰ ਜ਼ਮਾਨਤ ’ਤੇ ਬਾਹਰ ਆ ਕੇ ਮੁੜ ਨਸ਼ੇ ਦੇ ਕਾਰੋਬਾਰ ਵਿੱਚ ਲੱਗ ਜਾਂਦਾ ਸੀ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਨਸ਼ੇ ਨਾਲ ਨੌਜਵਾਨਾਂ ਦਾ ਭਵਿੱਖ ਬਰਬਾਦ ਕਰਨ ਵਾਲਿਆਂ ਖ਼ਿਲਾਫ਼ ਸਭ ਤੋਂ ਕਠੋਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪਸ਼ਟ ਕੀਤਾ ਕਿ ਨਸ਼ੇ ਦੇ ਪੈਸੇ ਨਾਲ ਖ਼ਰੀਦੀ ਕੋਈ ਵੀ ਜਾਇਦਾਦ ਬਖ਼ਸ਼ੀ ਨਹੀਂ ਜਾਵੇਗੀ ਅਤੇ ਉਸਨੂੰ ਢਾਹ ਦਿੱਤਾ ਜਾਵੇਗਾ। ਇਹ ਕਾਰਵਾਈ ਨਸ਼ਾ ਤਸਕਰਾਂ ਲਈ ਸਾਫ਼ ਸੁਨੇਹਾ ਹੈ ਕਿ ਹੁਣ ਕਾਨੂੰਨ ਤੋਂ ਬਚਣਾ ਅਸੰਭਵ ਹੈ।

ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਗੁਪਤ ਤੌਰ ’ਤੇ ਸਾਂਝੀ ਕਰਨ। ਪੁਲਿਸ ਨੇ ਭਰੋਸਾ ਦਿਵਾਇਆ ਕਿ ਸੂਚਨਾ ਦੇਣ ਵਾਲਿਆਂ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਸਮਾਜ ਵਿੱਚ ਨਸ਼ੇ ਵਿਰੁੱਧ ਜਾਗਰੂਕਤਾ ਵਧਾਏਗੀ, ਤਸਕਰਾਂ ਖ਼ਿਲਾਫ਼ ਸੰਘਰਸ਼ ਹੋਰ ਪ੍ਰਭਾਵਸ਼ਾਲੀ ਹੋਵੇਗਾ ਅਤੇ ਨੌਜਵਾਨਾਂ ਨੂੰ ਸੁਰੱਖਿਅਤ ਭਵਿੱਖ ਮਿਲੇਗਾ।