‘ਦ ਖ਼ਾਲਸ ਬਿਊਰੋ : ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਸ਼ੁਰੂਆਤ ਹੋ ਗਈ ਹੈ। ਵਿਧਾਨ ਸਭਾ ਦੇ ਇਜਲਾਸ ਦੀ ਸ਼ੁਰੂਆਤ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ਨਾਲ ਹੋਈ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਆਪਣੇ ਭਾਸ਼ਣ ਦੀ ਸ਼ੁਰੂਆਤ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਹੁਣ “ਮੈਂ ਜੋ ਵੀ ਜਾਣਕਾਰੀ ਮੰਗਾਂਗਾ, ਉਹ ਮੈਨੂੰ ਮਿਲੇਗੀ।” ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹੰਗਾਮਾ ਕਰ ਦਿੱਤਾ। ਉਹਨਾਂ ਕਿਹਾ ਕਿ ਤੁਸੀਂ ’ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਕਰ ਰਹੇ ਹੋ ਪਰ ਇਹ ਸਰਕਾਰ ਤਾਂ ਤੁਹਾਨੂੰ ਹੀ ਜਾਣਕਾਰੀ ਨਹੀਂ ਦਿੰਦੀ ਤਾਂ ਇਸ ’ਤੇ ਰਾਜਪਾਲ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਹੁਣ ਸਰਕਾਰ ਜਵਾਬ ਦੇਵੇਗੀ।
ਜਦੋਂ ਬਾਜਵਾ ਤੇ ਹੋਰ ਕਾਂਗਰਸੀ ਵਿਧਾਇਕਾਂ ਨੇ ਰੌਲਾ ਰੱਪਾ ਜਾਰੀ ਰੱਖਿਆ ਤਾਂ ਰਾਜਪਾਲ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਉਹ ਚੁੱਪ ਕਰ ਜਾਣ ਤੇ ਉਹਨਾਂ ਨੂੰ ਭਾਸ਼ਣ ਪੂਰਾ ਕਰਨ ਦੇਣ ਅਤੇ ਇਸ ਮਗਰੋਂ ਬਿਜ਼ਨਸ ਦੌਰਾਨ ਉਹ ਆਪਣਾ ਮੁੱਦਾ ਚੁੱਕ ਸਕਦੇ ਹਨ। ਰਾਜਪਾਲ ਨੇ ਕਾਂਗਰਸੀ ਵਿਧਾਇਕਾਂ ਨੂੰ ਇਹ ਵੀ ਕਿਹਾ ਕਿ ਉਹ ਸਦਨ ਵਿਚ ਹਾਜ਼ਰ ਰਹਿ ਕੇ ਆਪਣੀ ਗੱਲ ਰੱਖਣ ਅਤੇ ਬਾਈਕਾਟ ਨਾ ਕਰਨ। ਇਸ ਦੌਰਾਨ ਕਾਂਗਰਸ ਵਿਧਾਇਕਾਂ ਵੱਲੋਂ ਰਾਜਪਾਲ ਦੇ ਭਾਸ਼ਣ ਦੌਰਾਨ ਹੀ ਵਾਕ ਆਊਟ ਕਰ ਦਿੱਤਾ।