Punjab

Budget Session Live: ਦੂਜੇ ਦਿਨ ਵਿਧਾਨ ਸਭਾ ਦੀ ਕਾਰਵਾਈ ਜਾਰੀ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਦੂਜਾ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਪ੍ਰਸ਼ਨਕਾਲ ਸ਼ੁਰੂ ਹੋਇਆ ਜਿਸ ਵਿੱਚ ਪੰਜਾਬ ਦੇ ਵਿਧਾਇਕ ਆਪੋ-ਆਪਣੇ ਇਲਾਕਿਆਂ ਦੇ ਮੁੱਦੇ ਵਿਧਾਨ ਸਭਾ ਵਿੱਚ ਉਠਾ ਰਹੇ ਹਨ। ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਪਠਾਨਕੋਟ ਤੋਂ ਨੰਗਲ ਤੱਕ ਦਾ ਰੂਟ ਸ਼ੁਰੂ ਕੀਤਾ ਜਾਣਾ ਦੀ ਮੰਗ ਕੀਤੀ।

ਸਿਹਤ ਮੰਤਰੀ ਬਲਬੀਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਸੜਕ ਹਾਦਸਿਆਂ ਵਿੱਚ ਲੋਕਾਂ ਦੀਆਂ ਮੌਤਾਂ ਨੂੰ ਰੋਕਣ ਲਈ ਕਈ ਯਤਨ ਕੀਤੇ ਜਾ ਰਹੇ ਹਨ। ਸਭ ਤੋਂ ਪਹਿਲਾਂ, ਸਰਕਾਰ ਦੁਆਰਾ ਰਾਜ ਅਤੇ ਰਾਸ਼ਟਰੀ ਰਾਜਮਾਰਗਾਂ ‘ਤੇ ਸਾਰੇ ਨਿੱਜੀ ਹਸਪਤਾਲਾਂ ਨੂੰ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ। ਇੱਥੇ ਸੜਕ ਹਾਦਸੇ ਦੇ ਪੀੜਤਾਂ ਨੂੰ ਤੁਰੰਤ ਮੁਫ਼ਤ ਇਲਾਜ ਮਿਲਦਾ ਹੈ। ਇਸੇ ਤਰ੍ਹਾਂ, ਚਾਰ ਪੱਧਰੀ ਟਰੌਮਾ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ, ਸੜਕ ਸੁਰੱਖਿਆ ਬਲ ਵੀ ਕੰਮ ਕਰ ਰਿਹਾ ਹੈ।

 ਜਲਾਲਬਾਦ ਤੋਂ ਵਿਧਾਇਕ ਗੋਲਡੀ ਕੰਬੋਜ ਨੇ ਫਿਰੋਜ਼ਪੁਰ ਤੋਂ ਫਾਜ਼ਿਲਕਾ ਬਾਈਪਾਸ ਬਣਾਏ ਜਾਣ ਨੂੰ ਲੈ ਕੇ ਸਵਾਲ ਪੁੱਛਿਆ। ਸਵਾਲ ਦਾ ਜਵਾਬ ਦਿੰਦਿਆਂ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਬਾਈਪਾਸ ਬਣਾਇਆ ਜਾ ਰਿਹਾ ਹੈ ਅਤੇ ਗੋਲਡੀ ਜੀ ਦੇ ਸੁਝਾਅ ਅਨੁਸਾਰ ਇਸਦਾ ਨਾਮ ਸ਼ਹੀਦ ਊਧਮ ਸਿੰਘ ਦੇ ਨਾਮ ‘ਤੇ ਰੱਖਿਆ ਜਾਵੇਗਾ।

ਰੋਪੜ ਤੋਂ ਵਿਧਾਇਕ ਦਿਨੇਸ਼ ਚੱਢਾ ਨੇ ਨੂਰਪੁਰ ਬੇਦੀ ਦੇ 75 ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਸਬੰਧੀ ਸਵਾਲ ਪੁੱਛਿਆ। ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਇਸ ਸਵਾਲ ਸਬੰਧੀ ਜੁਆਬ ਦਿੰਦੇ ਹੋਏ ਕਿਹਾ ਕਿ ਇਸ ਸਬੰਧੀ ਸਰਵੇਖਣ ਕਰਵਾਇਆ ਜਾ ਰਿਹਾ ਹੈ।

ਬਾਬਾ ਬਕਾਲਾ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਨਜਾਇਜ਼ ਨੀਲੇ ਕਾਰਡਾਂ ਨੂੰ ਲੈ ਕੇ ਸਵਾਲ ਪੁੱਛਿਆ। ਮੰਤਰੀ ਕਟਾਰੂਚੱਕ ਵੱਲੋਂ ਜਵਾਬ ਦਿੰਦੇ ਹੋਏ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਨੀਲੇ ਕਾਰਡ ਬਣਾਉਣ ਸਬੰਧੀ ਕੇਂਦਰ ਵੱਲੋਂ ਇੱਕ ਗਿਣਤੀ ਦੀ ਮਨਜ਼ੂਰ ਹੁੰਦੀ ਹੈ। ਉਹ ਪੂਰੀ ਹੋ ਚੁੱਕੀ ਹੈ। ਪੰਜਾਬ ਵਿੱਚ ਇਸ ਵੇਲੇ 1 ਕਰੋੜ 41 ਲੱਖ ਖਪਤਕਾਰ ਦੇ ਨੀਲੇ ਕਾਰਡ ਬਣਾਏ ਜਾ ਚੁੱਕੇ ਹਨ।

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਸਦਨ ​​ਵਿੱਚ ਵੱਡਾ ਬਿਆਨ

ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਵਨਾ ਨੇ ਸਦਨ ਵਿੱਚ ਫਾਜ਼ਿਲਕਾ ਤੋਂ ਚੰਡੀਗੜ੍ਹ ਤੱਕ ਚੱਲਣ ਵਾਲੀਆਂ ਨਿੱਜੀ ਬੱਸਾਂ ਦਾ ਮੁੱਦਾ ਉਠਾਇਆ। ਇਸ ‘ਤੇ ਟਰਾਂਸਪੋਰਟ ਮੰਤਰੀ ਲਾਲ ਚੰਦ ਭੁੱਲਰ ਨੇ ਕਿਹਾ ਕਿ ਬਾਦਲ ਨੇ ਗੈਰ-ਕਾਨੂੰਨੀ ਤਰੀਕੇ ਨਾਲ ਪਰਮਿਟ ਜਾਰੀ ਕਰਕੇ ਆਪਣੀਆਂ ਬੱਸਾਂ ਚਲਾਈਆਂ ਸਨ। ਇਹ ਬੱਸਾਂ ਆਪਣੇ ਸਮੇਂ ‘ਤੇ ਚੱਲ ਰਹੀਆਂ ਹਨ। ਇਨ੍ਹਾਂ ਬੱਸਾਂ ਦੇ ਪਰਮਿਟ ਜਲਦੀ ਹੀ ਰੱਦ ਕਰ ਦਿੱਤੇ ਜਾਣਗੇ। ਇਹ ਮਾਮਲਾ ਹਾਈ ਕੋਰਟ ਵਿੱਚ ਚੱਲ ਰਿਹਾ ਹੈ। ਇਸ ਤੋਂ ਬਾਅਦ ਬੱਸ ਪਰਮਿਟ ਰੱਦ ਕਰ ਦਿੱਤੇ ਜਾਣਗੇ। ਫਿਰ ਉੱਥੋਂ ਸਰਕਾਰੀ ਬੱਸਾਂ ਚੰਡੀਗੜ੍ਹ ਲਈ ਚੱਲਣਗੀਆਂ।

ਜ਼ੀਰੋ ਆਵਰ ਚ ਬੋਲਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ   ਨੌਕਰੀਆਂ ਦਾ ਮੁੱਦਾ ਚੁੱਕਿਆ। ਉਹਨਾਂ ਨੇ ਕਿਹਾ ਕਿ ਜਿਹੜੇ ਉਮੀਦਵਾਰਾਂ ਨੂੰ ਨੌਕਰੀਆਂ ਮਿਲੀਆਂ ਹਨ ਉਹਨਾਂ ਸਬੰਧੀ ਵਾਈਟ ਪੇਪਰ ਲਿਆਂਦਾ ਜਾਵੇ। ਜਿਸ ਵਿੱਚ ਮੰਗ ਕੀਤੀ ਗਈ ਕਿ ਸੂਬੇ ਦੇ ਲੋਕਾਂ ਨੂੰ ਦੱਸਿਆ ਜਾਵੇ ਕਿ ਕਿੰਨੇ ਨੌਜਵਾਨ ਪੰਜਾਬੀ ਹਨ ਜਾਂ ਕਿੰਨੇ ਬਾਹਰੀ ਸੂਬਿਆਂ ਵਿੱਚ ਹਨ।

ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੰਜਾਬ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਗੱਲ ਰੱਖੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਈ ਆਗੂਆਂ ਆਪਣੇ ਨਾਲ 25-25 ਗੰਨਮੈਨ ਲੈਕੇ ਘੁੰਮਦੇ ਹਨ। ਅਤੇ ਪੰਜਾਬ ਦੇ ਥਾਣਿਆਂ ਵਿੱਚ ਨਫਰੀ ਪੂਰੀ ਨਹੀਂ ਹੈ। ਇਸ ਕਰਕੇ ਹਰੇਕ ਆਗੂਆਂ ਤੇ ਅਫ਼ਸਰਾਂ ਨੇ ਆਪਣੇ ਨਾਲ ਚਾਰ-ਚਾਰ ਗੰਨਮੈਨ ਰੱਖੇ ਅਤੇ ਬਾਕੀਆਂ ਸਾਰੇ ਨੂੰ ਥਾਣਿਆਂ ਵਿੱਚ ਭੇਜ ਦਿੱਤਾ ਜਾਵੇ।

ਪੰਜਾਬ ਵਿਧਾਨਸਭਾ ਚ ਹੰਗਾਮਾ ਹੋ ਗਿਆ ਹੈ। ਹੰਗਾਮੇ ਤੋ ਬਾਅਦ ਕਾਂਗਰਸ ਨੇ ਵਾਕਆਊਟ ਕਰ ਦਿੱਤਾ ਹੈ। ਇਸ ਦੌਰਾਨ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਆਰੋਪ ਲਗਾਇਆ ਕਿ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ।

ਦਰਅਸਲ ਸਪੀਕਰ ਨੇ ਸੰਦੀਪ ਜਾਖੜ ਨੂੰ ਬੋਲਣ ਦਾ ਸਮਾਂ ਦਿੱਤਾ ਸੀ ਪਰ ਇਸ ਦੌਰਾਨ ਸੁਖਪਾਲ ਸਿੰਘ ਖਹਿਰਾ  ਬੋਲਣ ਲੱਗ ਪਏ। ਇਸ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੁਖਪਾਲ ਸਿੰਘ ਖਹਿਰਾ ਨੂੰ ਝਿਜਕਿਆ। ਸਪੀਕਰ ਨੇ ਸੁਖਪਾਲ ਸਿੰਘ ਖਹਿਰਾ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਇਕੱਲੇ ਤੁਹਾਨੂੰ ਹੀ ਰੱਖਣੀ ਆਉਂਦੀ ਗੱਲ, ਸੰਦੀਪ ਜਾਖੜ ਨਹੀਂ ਗੱਲ ਰੱਖ ਸਕਦੇ।

ਸੈਸ਼ਨ ਵਿੱਚ ਪਾਰਟੀਆਂ ਲਈ ਸਮਾਂ ਵੀ ਸਪੀਕਰ ਵੱਲੋਂ ਨਿਰਧਾਰਤ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਦੇ 93 ਵਿਧਾਇਕਾਂ ਨੂੰ 2.23 ਘੰਟੇ ਦਾ ਸਮਾਂ ਦਿੱਤਾ ਗਿਆ ਹੈ। 16 ਕਾਂਗਰਸੀ ਵਿਧਾਇਕਾਂ ਨੂੰ 25 ਮਿੰਟ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਿਧਾਇਕਾਂ ਨੂੰ ਪੰਜ ਮਿੰਟ, ਭਾਜਪਾ ਦੇ ਦੋ ਵਿਧਾਇਕਾਂ ਨੂੰ ਤਿੰਨ ਮਿੰਟ, ਬਸਪਾ ਦੇ ਇੱਕ ਵਿਧਾਇਕ ਨੂੰ ਦੋ ਮਿੰਟ ਅਤੇ ਇੱਕ ਆਜ਼ਾਦ ਵਿਧਾਇਕ ਨੂੰ ਵੀ ਦੋ ਮਿੰਟ ਦਿੱਤੇ ਗਏ ਹਨ। ਹਾਲਾਂਕਿ, ਸਪੀਕਰ ਨੇ ਕਿਹਾ ਕਿ ਬਾਜਵਾ ਨੂੰ 20 ਮਿੰਟ ਵਾਧੂ ਦਿੱਤੇ ਜਾਣਗੇ।