‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਅਗਲੇ ਵਿੱਤੀ ਸਾਲ ਲਈ ਬਜਟ ਪੇਸ਼ ਕੀਤਾ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਐੱਮਐੱਸਪੀ ਦੇਣ ਲਈ 2.37 ਲੱਖ ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਅਤੇ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਕਿਸਾਨਾਂ ਨੂੰ ਡਿਜ਼ੀਟਲ ਸਹੂਲਤਾਂ ਦਿੱਤੀਆਂ ਜਾਣਗੀਆਂ ਤੇ 100 ਨਵੇਂ ਕਾਰਗੋ ਟਰਮੀਨਲ ਬਣਨਗੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ ਭਾਸ਼ਣ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਪੂਰਾ ਸਮਾਂ ਸ਼ਾਬਾਸ਼ੀ ਮੇਜ ਥਪਥਪਾਉਂਦੇ ਰਹੇ।
ਇਸ ਬਜਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਕਿ ਰਾਜਾਂ ਨੂੰ ਉਨ੍ਹਾਂ ਦੀ ਆਪਣੀ ਖੇਤਰੀ ਭਾਸ਼ਾ ਉਤਸ਼ਾਹਿਤ ਕਰਨ ਵਾਸਤੇ ਖੁੱਲ੍ਹ ਦਿੱਤੀ ਗਈ ਹੈ। ਵਿਦੇਸ਼ੀ ਵਿਦਿਆਰਥੀਆਂ ਦੇ ਹਿੱਤਾਂ ਲਈ ਅਗਲੇ ਸਾਲ ਤੋਂ ਚਿੱਪ ਵਾਲੇ ਪਾਸਪੋਰਟ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਗਿਆ। ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਡਿਜ਼ੀਟਲ ਯੂਨੀਵਰਸਿਟੀ ਬਣੇਗੀ ਅਤੇ ਹਰ ਸਕੂਲਾਂ ਨੂੰ ਟੀਵੀ ਦਿੱਤੇ ਜਾਣਗੇ। ਪ੍ਰਧਾਨਮੰਤਰੀ ਈ ਵਿੱਦਿਆ ਨੂੰ 12 ਚੈਨਲ ਤੋਂ ਵਧਾ ਕੇ 200 ਚੈਨਲ ਤੱਕ ਕੀਤਾ ਜਾਵੇਗਾ। 2 ਲੱਖ ਆਂਗਨਵਾੜੀਆਂ ਦਾ ਵਿਕਾਸ ਕੀਤਾ ਜਾਵੇਗਾ। ਦੇਸ਼ ਦੇ ਵਿਕਾਸ ‘ਤੇ ਜ਼ੋਰ ਦਿੰਦਿਆਂ 25 ਹਜ਼ਾਰ ਕਿਲਮੀਟਰ ਨੈਸ਼ਨਲ ਹਾਈਵੇਅ ਦੀ ਉਸਾਰੀ ਕੀਤੀ ਜਾਵੇਗੀ ਜਿਸਦੇ ਲਈ 20 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ। ਇਸ ਤੋਂ ਬਿਨਾਂ ਦੇਸ਼ ਦੇ ਡੇਢ ਲੱਖ ਡਾਕ ਘਰਾਂ ਵਿੱਚ ਏਟੀਐੱਮ ਸਹੂਲਤ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਡਾਕ ਘਰਾਂ ਵਿੱਚ ਕੋਰ ਬੈਂਕਿੰਗ ਦੀ ਸਹੂਲਤ ਵੀ ਦਿੱਤੀ ਜਾਵੇਗੀ। ਮੁੱਖ ਮੰਤਰੀ ਆਵਾਸ ਯੋਜਨਾ ਲਈ 80 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ। ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ 750 ਨਵੀਆਂ ਈ-ਲੈਬਸ ਸਥਾਪਿਤ ਕੀਤੀਆਂ ਜਾਣਗੀਆਂ ਅਤੇ ਟੈਸਟਿੰਗ ਉੱਤੇ ਜ਼ੋਰ ਦਿੱਤਾ ਜਾਵੇਗਾ। ਮੁਲਕ ਦੇ ਪੰਜ ਵੱਡੇ ਦਰਿਆਵਾਂ ਨੂੰ ਜੋੜਨ ਲਈ ਸਰਕਾਰ ਕੰਮ ਕਰੇਗੀ ਅਤੇ ਅਗਲੇ ਤਿੰਨ ਸਾਲਾਂ ਦੌਰਾਨ 400 ਨਵੀਆਂ ਰੇਲ ਗੱਡੀਆਂ ਸ਼ੁਰੂ ਕੀਤੀਆਂ ਜਾਣਗੀਆਂ। ਮਹਿਲਾਵਾਂ ਅਤੇ ਬੱਚਿਆਂਲਈ ਤਿੰਨ ਨਵੀਂਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਦੇਸ਼ ਵਿੱਚ 60 ਲੱਖ ਨਵੇਂ ਨੌਕਰੀਆਂ ਦਾ ਪ੍ਰਬੰਧ ਹੋਵੇਗਾ। ਸਰਕਾਰ ਕੋਲ 30 ਲੱਖ ਵਾਧੂ ਨੌਕਰੀ ਦੇਣ ਦੀ ਸਮਰੱਥਾ ਹੈ।
ਦੱਸ ਦੇਈਏ ਕਿ ਮੋਦੀ ਸਰਕਾਰ ਦਾ ਦਸਵਾਂ ਬਜਟ ਹੈ। ਸੀਤਾਰਮਨ ਵੱਲੋਂ ਹਾਲੇ ਬਜਟ ‘ਤੇ ਪੂਰਾ ਵਿਸਥਾਰ ਦੱਸਿਆ ਜਾਣਾ ਬਾਕੀ ਹੈ। ਪੰਜਾਬ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ ਭਰਮਾਉਣ ਲਈ ਖ਼ਜ਼ਾਨੇ ਦਾ ਮੂੰਹ ਸੂਬੇ ਵੱਲ ਨੂੰ ਮੋੜਨ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਪਿਛਲੇ ਤਿੰਨ ਸਾਲਾਂ ਦੌਰਾਨ ਪੰਜਾਬ ਨੂੰ ਨਿਰਾਸ਼ਾ ਮਿਲਦੀ ਰਹੀ ਹੈ।