ਬਿਉਰੋ ਰਿਪੋਰਟ – ਜਲੰਧਰ ਪੱਛਮੀ ਵਿਧਾਨਸਭਾ ਦੀ ਜ਼ਿਮਨੀ ਚੋਣ (JALANDHAR WEST BY ELECTION) ਦੇ ਲਈ ਬਹੁਜਨ ਸਮਾਜ ਪਾਰਟੀ (BSP) ਨੇ ਆਪਣਾ ਉਮੀਦਵਾਰ ਖੜਾ ਕਰ ਦਿੱਤਾ ਹੈ। ਪਾਰਟੀ ਨੇ ਬਿੰਦਰ ਲਾਖਾ (BINDER LAKHA) ਨੂੰ ਉਮੀਦਵਾਰ ਬਣਾਇਆ ਹੈ। ਇਸ ਦਾ ਐਲਾਨ ਪੰਜਾਬ BSP ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਲਾਖਾ ਤਕਰੀਬਨ 25 ਸਾਲ ਤੋਂ ਪਾਰਟੀ ਦੇ ਨਾਲ ਜੁੜੇ ਹਨ, ਉਨ੍ਹਾਂ ਨੇ ਬੂਥ ਪੱਧਰ ’ਤੇ ਕੰਮ ਕੀਤਾ ਹੋਇਆ ਹੈ।
ਜਲੰਧਰ ਵੈਸਟ ਵਿਧਾਨ ਸਭਾ ਦੀ ਜ਼ਿਮਨੀ ਚੋਣ ‘ਤੇ ਉਮੀਦਵਾਰ ਦਾ ਫੈਸਲਾ ਲਖਨਊ ਵਿੱਚ BSP ਸੁਪਰੀਮੋ ਮਾਇਆਵਤੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਲਿਆ ਗਿਆ। ਦੱਸ ਦੇਈਏ ਜਲੰਧਰ ਲੋਕ ਸਭਾ ਚੋਣ ਵਿੱਚ ਜਲੰਧਰ ਪੱਛਮੀ ਹਲਕੇ ਤੋਂ BSP ਦੇ ਉਮੀਦਵਾਰ ਨੂੰ 2 ਹਜ਼ਾਰ ਤੋਂ ਵੀ ਘੱਟ ਵੋਟ ਮਿਲੇ ਸਨ।
ਇਸ ਤੋਂ ਪਹਿਲਾਂ ਕਾਂਗਰਸ ਨੇ ਵੀ ਦੇਰ ਰਾਤ ਸੁਰਿੰਦਰ ਕੌਰ ਨੂੰ ਜਲੰਧਰ ਪੱਛਮੀ ਸੀਟ ਤੋਂ ਉਮੀਦਵਾਰ ਐਲਾਨਿਆ ਹੈ। ਉਹ ਸ਼ਹਿਰ ਦੀ ਸਾਬਕਾ ਡਿਪਟੀ ਮੇਅਰ ਰਹਿ ਚੁੱਕੀ ਹਨ। ਸੁਰਿੰਦਰ ਕੌਰ 4 ਵਾਰ ਦੀ ਜੇਤੂ ਕੌਂਸਲਰ ਹਨ। ਸੁਸ਼ੀਲ ਰਿੰਕੂ ਦੇ ਬੀਜੇਪੀ ਵਿੱਚ ਜਾਣ ਤੋਂ ਬਾਅਦ ਜ਼ਿਆਦਾਤਰ ਕੌਂਸਲਰ ਉਨ੍ਹਾਂ ਦੇ ਨਾਲ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ।
ਹਲਕੇ ਵਿੱਚ ਸੁਰਿੰਦਰ ਕੌਰ ਹੀ ਸਭ ਤੋਂ ਸੀਨੀਅਰ ਆਗੂ ਹਨ। ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਵੇਖ ਦੇ ਮੁਕਾਬਲਾ ਕਾਂਗਰਸ ਅਤੇ ਬੀਜੇਪੀ ਵਿੱਚ ਨਜ਼ਰ ਆ ਰਿਹਾ ਹੈ। ਕਾਂਗਰਸ ਨੂੰ 44 ਹਜ਼ਾਰ ਵੋਟ ਮਿਲੇ ਸਨ ਜਦਕਿ ਬੀਜੇਪੀ ਨੂੰ 42 ਹਜ਼ਾਰ, ਆਮ ਆਦਮੀ ਤੀਜੇ ਨੰਬਰ ’ਤੇ ਰਹੀ ਸੀ।
ਆਮ ਆਦਮੀ ਪਾਰਟੀ ਤੇ ਬੀਜੇਪੀ ਨੇ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਖੜੇ ਇੱਕ ਦੂਜੇ ਦੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। ਬੀਜੇਪੀ ਵੱਲੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਮੈਦਾਨ ਵਿੱਚ ਹਨ ਜਦਕਿ ਆਪ ਵੱਲੋਂ ਮੋਹਿੰਦਰ ਭਗਤ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਅਕਾਲੀ ਦਲ ਨੇ ਹੁਣ ਤੱਕ ਆਪਣੀ ਉਮੀਦਵਾਰ ਨਹੀਂ ਐਲਾਨਿਆ ਹੈ। ਕੱਲ 21 ਜੂਨ ਨੂੰ ਨਾਮਜ਼ਦਗੀ ਭਰਨ ਦਾ ਅਖ਼ੀਰਲਾ ਦਿਨ ਹੈ।