India Technology

ਬਜ਼ੁਰਗਾਂ ਲਈ BSNL ਵੱਲੋਂ ਸਸਤਾ ਧਮਾਕੇਦਾਰ ਪਲਾਨ ਜਾਰੀ, ਅਨਲਿਮਟਿਡ ਕਾਲਿੰਗ ਤੇ ਰੋਜ਼ਾਨਾ 2GB ਇੰਟਰਨੈੱਟ ਡਾਟਾ

ਬਿਊਰੋ ਰਿਪੋਰਟ (23 ਅਕਤੂਬਰ, 2025): ਸਰਕਾਰੀ ਟੈਲੀਕਾਮ ਕੰਪਨੀ BSNL ਨੇ ਬਜ਼ੁਰਗਾਂ ਲਈ ਇਕ ਸਸਤਾ ਸਾਲਾਨਾ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਦੀ ਕੀਮਤ ₹1812 ਹੈ, ਜਿਸ ਵਿੱਚ ਇੱਕ ਸਾਲ ਦੀ ਵੈਲਿਡਿਟੀ, ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 2GB ਇੰਟਰਨੈਟ ਡਾਟਾ ਮਿਲੇਗਾ। ਇਹ ਪਲਾਨ ਖ਼ਾਸ ਤੌਰ ‘ਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ।

ਇਸ ਪਲਾਨ ਦੇ ਨਾਲ ਫ੍ਰੀ ਸਿਮ ਕਾਰਡ ਅਤੇ 6 ਮਹੀਨੇ ਦਾ BiTV ਸਬਸਕ੍ਰਿਪਸ਼ਨ ਵੀ ਦਿੱਤਾ ਜਾ ਰਿਹਾ ਹੈ। ਇਹ ਪਲਾਨ ਸੀਮਤ ਸਮੇਂ ਲਈ ਹੀ ਉਪਲੱਬਧ ਹੈ ਅਤੇ 18 ਨਵੰਬਰ ਤੱਕ ਹੀ ਖ਼ਰੀਦਿਆ ਜਾ ਸਕਦਾ ਹੈ।

ਕੰਪਨੀ ਨੇ ਆਪਣੇ 25 ਸਾਲ ਪੂਰੇ ਹੋਣ ‘ਤੇ ਦੇਸ਼ ਭਰ ਵਿੱਚ BSNL 4G ਸਰਵਿਸ ਸ਼ੁਰੂ ਕੀਤੀ। ਇਸ ਨਾਲ 92,600 ਨਵੇਂ ਮੋਬਾਈਲ ਟਾਵਰ ਲਗਾਏ ਗਏ ਹਨ, ਜਿਸ ਨਾਲ ਖਰਾਬ ਨੈੱਟਵਰਕ ਅਤੇ ਨੋ ਸਿਗਨਲ ਦੀ ਸਮੱਸਿਆ ਘੱਟ ਹੋਈ ਹੈ।

BSNL ਨੇ ਆਪਣੀ ਦੇਸੀ 4G ਟੈਕਨੋਲੋਜੀ ਤਿਆਰ ਕੀਤੀ ਹੈ, ਜਿਸਨੂੰ 98,000 ਥਾਵਾਂ ‘ਤੇ ਲਗਾਇਆ ਜਾਵੇਗਾ ਤਾਂ ਜੋ ਸ਼ਹਿਰਾਂ ਅਤੇ ਪਿੰਡਾਂ ਵਿੱਚ ਤੇਜ਼ ਇੰਟਰਨੈੱਟ ਉਪਲੱਬਧ ਹੋ ਸਕੇ।

ਇਹ ਨੈੱਟਵਰਕ ਆਸਾਨੀ ਨਾਲ 5G ਵਿੱਚ ਅਪਗਰੇਡ ਹੋ ਸਕਦਾ ਹੈ ਕਿਉਂਕਿ ਇਹ ਕਲਾਉਡ ਬੇਸਡ ਅਤੇ ਫਿਊਚਰ-ਰੇਡੀ ਡਿਜ਼ਾਇਨ ਵਾਲਾ ਹੈ। ਮਤਲਬ ਸਾਫਟਵੇਅਰ ਅਪਡੇਟ ਨਾਲ ਹੀ ਇਹ 5G ‘ਤੇ ਚੱਲ ਸਕੇਗਾ, ਕਿਸੇ ਵੱਡੇ ਹਾਰਡਵੇਅਰ ਬਦਲਾਅ ਦੀ ਲੋੜ ਨਹੀਂ ਪਵੇਗੀ।

ਟੈਲੀਕਾਮ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਹੈ ਕਿ ਇਹ ਨੈੱਟਵਰਕ 5G ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਜਲਦੀ ਹੀ ਦੇਸ਼ ਵਿੱਚ BSNL ਦੀ 5G ਸੇਵਾ ਵੀ ਸ਼ੁਰੂ ਹੋਵੇਗੀ।

ਹਾਲਾਂਕਿ TRAI ਦੇ ਜੁਲਾਈ 2025 ਦੇ ਅੰਕੜਿਆਂ ਮੁਤਾਬਕ, BSNL ਅਤੇ MTNL ਦੇ ਗਾਹਕ ਲਗਾਤਾਰ ਘਟ ਰਹੇ ਹਨ। ਜੁਲਾਈ ਵਿੱਚ BSNL ਦੇ 1.01 ਲੱਖ ਗਾਹਕ ਘਟੇ, ਜਦਕਿ MTNL ਦੇ ਵੀ ਸਬਸਕ੍ਰਾਈਬਰ ਘਟੇ ਹਨ।