ਭਾਰਤ-ਪਾਕਿਸਤਾਨ ਸਰਹੱਦ ’ਤੇ ਵਸੇ ਪਿੰਡ ਮੁਹਾਰ ਜਮਸ਼ੇਰ ਤੋਂ ਬੀਐੱਸਐੱਫ ਅਤੇ ਪੰਜਾਬ ਪੁਲਿਸ ਨੇ ਸਾਂਝੀ ਕਾਰਵਾਈ ਰਾਹੀਂ 6 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਫਾਜ਼ਿਲਕਾ ਦੇ ਡੀਐੱਸਪੀ ਸ਼ੁਬੇਗ ਸਿੰਘ ਅਤੇ ਥਾਣਾ ਸਦਰ ਫਾਜ਼ਿਲਕਾ ਦੇ ਮੁਖੀ ਪ੍ਰੇਮ ਨਾਥ ਨੇ ਦੱਸਿਆ ਕਿ ਨਸ਼ਾ ਤਸਕਰ ਸਰਹੱਦ ਪਾਰ ਤੋਂ ਸਮਗਲਿੰਗ ਲਈ ਧੁੰਦ ਦਾ ਫ਼ਾਇਦਾ ਉਠਾ ਕੇ ਤਸਕਰੀ ਦਾ ਸਾਮਾਨ ਮੰਗਵਾਉਂਦੇ ਹਨ ਪਰ ਪੰਜਾਬ ਪੁਲਿਸ ਵੱਲੋਂ ਇਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
ਇਸੇ ਕਾਰਵਾਈ ਤਹਿਤ ਫਾਜ਼ਿਲਕਾ ਪੁਲੀਸ ਨੂੰ ਬੀਐੱਸਐੱਫ ਦੇ ਸਹਿਯੋਗ ਨਾਲ ਛੇ ਕਿਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਪੈਕੇਟ ਸਰਹੱਦ ਪਾਰਲੇ ਸਮਗਲਰਾਂ ਵੱਲੋਂ ਡਰੋਨ ਰਾਹੀਂ ਸੁੱਟੇ ਗਏ ਸਨ। ਤਰਨ ਤਾਰਨ (ਪੱਤਰ ਪ੍ਰੇਰਕ): ਪੰਜਾਬ ਪੁਲੀਸ ਅਤੇ ਬੀਐੱਸਐੱਫ਼ ਨੇ ਲੰਘੇ ਦਿਨ ਸਰਹੱਦੀ ਖੇਤਰ ਦੇ ਪਿੰਡ ਡੱਲ ਦੇ ਕਿਸਾਨ ਰਣਜੋਧ ਸਿੰਘ ਦੇ ਖੇਤਾਂ ’ਚੋਂ ਚੀਨ ਦਾ ਬਣਿਆ ਇਕ ਡਰੋਨ ਤੇ 496 ਗਰਾਮ ਹੈਰੋਇਨ ਬਰਾਮਦ ਕੀਤੀ|
ਭਿੱਖੀਵਿੰਡ ਦੇ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਅੱਜ ਇਥੇ ਦੱਸਿਆ ਕਿ ਇਹ ਡਰੋਨ ਪਾਕਿਸਤਾਨ ਵਾਲੇ ਪਾਸਿਓਂ ਆਇਆ ਸੀ ਜਿਸ ਦੀ ਜਾਣਕਾਰੀ ਬੀਐੱਸਐੱਫ਼ ਨੇ ਪੁਲੀਸ ਨਾਲ ਸਾਂਝੀ ਕੀਤੀ। ਇਸ ਮਗਰੋਂ ਕਿਸਾਨ ਰਣਜੋਧ ਸਿੰਘ ਦੇ ਖੇਤਾਂ ਦੀ ਤਲਾਸ਼ੀ ਲੈਣ ’ਤੇ ਡਰੋਨ ਤੋਂ ਇਲਾਵਾ 496 ਗਰਾਮ ਹੈਰੋਇਨ ਬਰਾਮਦ ਕੀਤੀ ਗਈ|
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਖਾਲੜਾ ਦੀ ਪੁਲਿਸ ਨੇ ਐੱਨਡੀਪੀਐੱਸ ਐਕਟ ਤੇ ਏਅਰਕਰਾਫਟ ਐਕਟ ਅਧੀਨ ਕੇਸ ਦਰਜ ਕੀਤਾ ਹੈ| ਡੀਐੱਸਪੀ ਮੁਤਾਬਕ ਨਸ਼ੀਲਾ ਪਦਾਰਥ ਮੰਗਵਾਉਣ ਵਾਲੇ ਦੀ ਸ਼ਨਾਖ਼ਤ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ|