ਬੀਐਸਐਫ ਜਵਾਨ ਪੂਰਨਬ ਕੁਮਾਰ ਸ਼ਾਅ ਪਿਛਲੇ 48 ਘੰਟਿਆਂ ਤੋਂ ਪਾਕਿਸਤਾਨ ਰੇਂਜਰਾਂ ਦੀ ਹਿਰਾਸਤ ਵਿੱਚ ਹੈ। ਉਹ ਬੁੱਧਵਾਰ ਨੂੰ ਫਿਰੋਜ਼ਪੁਰ ਵਿਖੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ’ਤੇ ਡਿਊਟੀ ਦੌਰਾਨ ਗਲਤੀ ਨਾਲ ਸਰਹੱਦ ਪਾਰ ਕਰ ਗਿਆ।
ਸ਼ਾਅ, ਜੋ ਪੱਛਮੀ ਬੰਗਾਲ ਦੇ ਹੁਗਲੀ ਦਾ ਰਹਿਣ ਵਾਲਾ ਹੈ ਅਤੇ 10 ਅਪ੍ਰੈਲ ਤੋਂ ਫਿਰੋਜ਼ਪੁਰ ਵਿੱਚ ਤਾਇਨਾਤ ਸੀ, ਜ਼ੀਰੋ ਲਾਈਨ ਨੇੜੇ ਸਰਹੱਦੀ ਕਿਸਾਨਾਂ ਦੀ ਮਦਦ ਕਰਦੇ ਸਮੇਂ ਪਾਕਿਸਤਾਨੀ ਸੀਮਾ ਸੁਰੱਖਿਆ ਬਲ ਦੇ ਹੱਥੇ ਚੜ੍ਹ ਗਿਆ। ਉਸ ਨੂੰ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਅਤੇ ਬੀਐਸਐਫ ਵੱਲੋਂ ਯਤਨ ਜਾਰੀ ਹਨ।
ਬੀਐਸਐਫ ਦੇ ਡੀਜੀ ਦਲਜੀਤ ਚੌਧਰੀ ਨੇ ਸ਼ੁੱਕਰਵਾਰ ਨੂੰ ਗ੍ਰਹਿ ਸਕੱਤਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਬੀਐਸਐਫ ਨੇ ਪਾਕਿਸਤਾਨ ਰੇਂਜਰਾਂ ਨੂੰ ਫਲੈਗ ਮੀਟਿੰਗ ਲਈ ਬੁਲਾਇਆ, ਪਰ ਸ਼ੁੱਕਰਵਾਰ ਸਵੇਰੇ ਪਾਕਿਸਤਾਨੀ ਟੀਮ ਨਹੀਂ ਪਹੁੰਚੀ। ਬੁੱਧਵਾਰ ਅਤੇ ਵੀਰਵਾਰ ਨੂੰ ਹੋਈਆਂ ਮੀਟਿੰਗਾਂ ਵੀ ਬੇਸਿੱਟਾ ਰਹੀਆਂ। ਅਧਿਕਾਰੀਆਂ ਅਨੁਸਾਰ, ਸ਼ਾਅ ਵਰਦੀ ਵਿੱਚ ਡਿਊਟੀ ’ਤੇ ਸੀ ਜਦੋਂ ਉਹ ਸਰਹੱਦ ਪਾਰ ਕਰ ਗਿਆ। ਬੀਐਸਐਫ ਨੇ ਹੈੱਡਕੁਆਰਟਰ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਜਵਾਨ ਦੀ ਰਿਹਾਈ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਜਲਦੀ ਹੀ ਇੱਕ ਹੋਰ ਫਲੈਗ ਮੀਟਿੰਗ ਹੋਣ ਦੀ ਸੰਭਾਵਨਾ ਹੈ।