ਪਟਿਆਲਾ ਤੋਂ ਹੈਰਾਨ ਤੇ ਸ਼ਰਨਮਾਕ ਖ਼ਬਰ ਸਾਹਮਣੇ ਆਈ ਹੈ ਜਿੱਥੇ ਇੱਕ ਆਟੋ ਚਾਲਕ ਨੇ 12 ਸਾਲ ਦੀ ਵਿਦਿਆਰਥਣ ਨਾਲ ਜਬਰ ਜਨਾਹ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ ਬਖਸ਼ੀਵਾਲਾ ਇਲਾਕੇ ’ਚ ਆਟੋ ਚਾਲਕ ਵੱਲੋਂ 12 ਸਾਲਾ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਦਾ ਪਰਿਵਾਰ ਨੂੰ ਵਿਦਿਆਰਥਣ ਦੇ ਗਰਭਵਤੀ ਹੋਣ ਉਪਰੰਤ ਪਤਾ ਲੱਗਾ।
ਲੜਕੀ ਦਾ ਪਰਿਵਾਰ ਉੱਤਰ ਪ੍ਰਦੇਸ਼ ਤੋਂ ਹੈ ਅਤੇ ਇਸ ਸਮੇਂ ਪਟਿਆਲੇ ਰਹਿੰਦਾ ਹੈ। ਬਖਸ਼ੀਵਾਲਾ ਥਾਣੇ ਦੀ ਪੁਲਿਸ ਨੇ ਮੁਲਜ਼ਮ ਸ਼ੁਭਮ ਕਨੌਜੀਆ ਵਾਸੀ ਬਾਬੂ ਸਿੰਘ ਕਾਲੋਨੀ ਪਟਿਆਲਾ ਵਿਰੁੱਧ ਮਾਮਲਾ ਦਰਜ ਕੀਤਾ ਹੈ। ਥਾਣਾ ਬਖਸ਼ੀਵਾਲਾ ਦੇ ਐੱਸਐੱਚਓ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੀੜਤ ਲੜਕੀ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮੁਲਜ਼ਮ ਕੁੜੀਆਂ ਦੇ ਸਕੂਲ ਦਾ ਆਟੋ ਡਰਾਈਵਰ ਸੀ ਤੇ ਰੋਜ਼ਾਨਾ ਵਿਦਿਆਰਥਣ ਨੂੰ ਸਕੂਲ ਲਿਆਉਂਦਾ ਤੇ ਲਿਜਾਂਦਾ ਸੀ। ਹੋਰ ਬੱਚੇ ਵੀ ਆਟੋ ਵਿੱਚ ਸਕੂਲ ਜਾਂਦੇ ਸਨ ਪਰ ਮੁਲਜ਼ਮ ਇਸ ਕੁੜੀ ਨੂੰ ਸਭ ਤੋਂ ਬਾਅਦ ਘਰ ਛੱਡਦਾ ਸੀ। ਅਗਸਤ 2024 ਵਿੱਚ ਮੁਲਜ਼ਮ ਉਕਤ ਲੜਕੀ ਨੂੰ ਖਾਲਸਾ ਨਗਰ ਵਿੱਚ ਸੁੰਨਸਾਨ ਜਗ੍ਹਾ ’ਤੇ ਲੈ ਗਿਆ ਅਤੇ ਮੌਕਾ ਪਾ ਕੇ ਉਸ ਨਾਲ ਜਬਰ ਜਨਾਹ ਕੀਤਾ।
ਪਰਿਵਾਰ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਪਰ ਹੁਣ ਕੁੜੀ ਦੀ ਸਿਹਤ ਵਿਗੜ ਗਈ ਸੀ। ਚੈੱਕਅਪ ਦੌਰਾਨ ਪਤਾ ਲੱਗਾ ਕਿ ਕੁੜੀ ਗਰਭਵਤੀ ਹੈ ਜਿਸ ਤੋਂ ਬਾਅਦ ਕੁੜੀ ਨੇ ਸੱਚ ਦੱਸ ਦਿੱਤਾ।