ਬਿਉਰੋ ਰਿਪੋਰਟ – ਹੁਸ਼ਿਆਰਪੁਰ ਵਿੱਚ ਇੱਕ ਬਜ਼ਰੁਗ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ। ਮਾਹਿਲਪੁਰ ਥਾਣੇ ਅਧੀਨ ਆਉਂਦੇ ਇੱਕ ਮਕਾਨ ਵਿੱਚ ਚੋਰੀ ਦੀ ਨੀਅਤ ਨਾਲ ਵੜੇ ਹਮਲਾਵਰਾਂ ਨੇ ਬਜ਼ੁਰਗ ਦੇ ਮੂੰਹ ਵਿੱਚ ਕੱਪੜਾ ਪਾਇਆ, ਹੱਥ ਪੈਰ ਬੰਨ੍ਹੇ, ਅਤੇ ਗਲ ਘੁੱਟ ਦਿੱਤਾ।
ਘਟਨਾ ਦੇ ਸਮੇਂ ਮ੍ਰਿਤਕ ਰਸ਼ਪਾਲ ਸਿੰਘ ਦਾ ਪਰਿਵਾਰ ਹਿਮਾਚਲ ਵਿੱਚ ਇੱਕ ਧਾਰਮਿਕ ਥਾਂ ’ਤੇ ਮੱਥਾ ਟੇਕਣ ਲਈ ਗਿਆ ਸੀ। ਸਵੇਰੇ 9 ਵਜੇ ਗੁਆਂਢ ਦੀ ਔਰਤ ਆਈ ਤਾਂ ਉਸ ਨੇ ਲੋਕਾਂ ਨੂੰ ਬੁਲਾਇਆ, ਜਿਸ ਤੋ ਬਾਅਦ ਪੁਲਿਸ ਘਰ ਦੇ ਅੰਦਰ ਗਈ ਅਤੇ 60 ਸਾਲਾ ਰਸ਼ਪਾਲ ਸਿੰਘ ਦੀ ਮੌਤ ਹੋ ਚੁੱਕੀ ਸੀ।
ਘਰ ਦਾ ਦਰਵਾਜ਼ਾ ਖੁੱਲ੍ਹਾ ਸੀ
ਰਸ਼ਪਾਲ ਸਿੰਘ ਦੇ ਪੁੱਤਰ ਮਨਪ੍ਰੀਤ ਸਿੰਘ ਉਰਫ਼ ਮੋਨੂੰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਮਾਸੀ ਆਪਣੇ ਪਰਿਵਾਰ ਦੇ ਨਾਲ ਇਟਲੀ ਤੋਂ ਉਨ੍ਹਾਂ ਦੇ ਪਿੰਡ ਗੋਂਦਪੁਰ ਆਈ ਸੀ। ਮਾਸੀ ਨਾਲ ਪਰਿਵਾਰ ਹਿਮਾਚਲ ਪ੍ਰਦੇਸ਼ ਪੀਰ ਨਿਗਾਹੇ ਮੱਥਾ ਟੇਕਣ ਗਿਆ ਸੀ। ਘਰ ਵਿੱਚ ਪਿਤਾ ਇਕੱਲੇ ਸਨ।
ਗੁਆਂਢ ਦੀ ਮਮਤਾ ਜਦੋਂ ਪਿਤਾ ਨੂੰ ਰੋਟੀ ਦੇਣ ਦੇ ਲਈ ਘਰ ਪਹੁੰਚੀ ਤਾਂ ਮੇਨ ਗੇਟ ਅਤੇ ਅੰਦਰ ਕਮਰਿਆਂ ਦੇ ਦਰਵਾਜ਼ੇ ਖੁੱਲ੍ਹੇ ਸਨ। ਅੰਦਰ ਸਮਾਨ ਖਿੱਲ੍ਹਰਿਆ ਹੋਇਆ ਸੀ। ਜਦੋਂ ਲੋਕਾਂ ਨੇ ਇਕੱਠੇ ਹੋ ਕੇ ਵੇਖਿਆ ਤਾਂ ਰਸ਼ਪਾਲ ਸਿੰਘ ਦੀ ਲਾਸ਼ ਕਮਰੇ ਵਿੱਚ ਬਿਸਤਰੇ ’ਤੇ ਪਈ ਸੀ। ਉਨ੍ਹਾਂ ਦੇ ਮੂੰਹ ਵਿੱਚ ਕੱਪੜਾ ਪਾਇਆ ਹੋਇਆ ਸੀ ਤੇ ਹੱਥ-ਪੈਰ ਬੰਨ੍ਹੇ ਹੋਏ ਸਨ।
ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਸਬੰਧ ਵਿੱਚ ਹੁਸ਼ਿਆਰਪੁਰ ਦੇ SP ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਗੋਂਦਪੁਰ ਵਿੱਚ ਰਸ਼ਪਾਲ ਸਿੰਘ ਦੇ ਕਤਲ ਦੀ ਇਤਲਾਹ ਮਿਲੀ ਸੀ। ਸੀਨੀਅਰ ਪੁਲਿਸ ਅਧਿਕਾਰੀ ਦੇ ਨਾਲ ਮੌਕੇ ਤੋਂ ਕੁੱਤਿਆਂ ਦੇ ਦਸਤੇ ਅਤੇ ਫਿੰਗਰ ਪ੍ਰਿੰਟ ਦੀ ਟੀਮ ਅਤੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ।