‘ਦ ਖ਼ਾਲਸ ਬਿਊਰੋ :- ਬਹਾਦਰਗੜ੍ਹ ਦੇ ਸੈਕਟਰ 9 ‘ਚ ਲੱਗੇ ਕਿਸਾਨ ਮਾਨਸਾ ਕੈਂਪ ‘ਤੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਹੈ। ਹਮਲੇ ਵਿੱਚ ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਦੇ ਸਮਰਥਕ ਕਿਸਾਨਾਂ ਦੀ ਕੁੱਟਮਾਰ ਹੋਈ ਹੈ। ਹਾਲਾਂਕਿ, ਹਮਲਾਵਰਾਂ ਨੇ ਰੁਲਦੂ ਸਿੰਘ ਮਾਨਸਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਨੂੰ ਨਾ ਲੱਭ ਸਕੇ। ਹਮਲਾਵਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਆਏ ਸਨ। ਇਸ ਦੌਰਾਨ ਗੁਰਵਿੰਦਰ ਸਿੰਘ ਨਾਂ ਦੇ ਕਿਸਾਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਗੁਰਵਿੰਦਰ ਸਿੰਘ ਦੇ ਸਿਰ ਦੇ ਵਿੱਚ ਟਾਂਕੇ ਵੀ ਲੱਗੇ ਹਨ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਨੇ ਸਾਡੇ ਕੈਂਪ ‘ਚ ਆ ਕੇ ਸਿਰਫ ਇੱਕੋ ਸਵਾਲ ਪੁੱਛਿਆ ਕਿ ਰੁਲਦੂ ਸਿੰਘ ਮਾਨਸਾ ਕਿੱਥੇ ਹੈ। ਜਦੋਂ ਉਨ੍ਹਾਂ ਨੂੰ ਰੁਲਦੂ ਸਿੰਘ ਮਾਨਸਾ ਬਾਰੇ ਪਤਾ ਨਾ ਲੱਗਾ ਤਾਂ ਉਹ ਸਾਨੂੰ ਕੁੱਟਣ ਲੱਗ ਪਏ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕੋਈ ਹੋਰ ਵੀ ਰੁਲਦੂ ਸਿੰਘ ਦੇ ਨਾਲ ਦਾ ਹੈ ਤਾਂ ਉਹ ਹੱਥ ਖੜ੍ਹਾ ਕਰੇ। ਭਾਵ ਉਹ ਰੁਲਦੂ ਸਿੰਘ ਮਾਨਸਾ ਦੇ ਸਮਰਥਕਾਂ ਨੂੰ ਕੁੱਟਣ ਲਈ ਆਏ ਸਨ। ਉਹ 15-20 ਲੋਕ ਸਨ।
ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਰੁਲਦੂ ਸਿੰਘ ਮਾਨਸਾ ਨੂੰ 15 ਦਿਨਾਂ ਦੇ ਲਈ ਕਿਸਾਨ ਮੋਰਚੇ ਵਿੱਚੋਂ ਸਸਪੈਂਡ ਕੀਤਾ ਗਿਆ ਹੈ। ਉਨ੍ਹਾਂ ‘ਤੇ 21 ਜੁਲਾਈ ਨੂੰ ਸਟੇਜ ਤੋਂ ਸਿੱਖਾਂ ਅਤੇ ਸ਼ਹੀਦਾਂ ਦੇ ਖਿਲਾਫ਼ ਭੜਕਾਊ ਭਾਸ਼ਣ ਦੇਣ ਦਾ ਦੋਸ਼ ਲੱਗਾ ਹੈ। ਹਾਲਾਂਕਿ, ਰੁਲਦੂ ਸਿੰਘ ਮਾਨਸਾ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਨੇ ਅਜਿਹਾ ਕੋਈ ਭਾਸ਼ਣ ਨਹੀਂ ਦਿੱਤਾ।