ਬਿਊਰੋ ਰਿਪੋਰਟ: ਪੂਰਬੀ ਲੰਡਨ ਦੇ ਇਲਫੋਰਡ ਵਿੱਚ ਇੱਕ 30 ਸਾਲਾ ਬ੍ਰਿਟਿਸ਼ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਬ੍ਰਿਟਿਸ਼ ਪੁਲਿਸ ਦਾ ਮੰਨਣਾ ਹੈ ਕਿ ਹਮਲਾਵਰ ਮ੍ਰਿਤਕ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ। ਮ੍ਰਿਤਕ ਦੀ ਪਛਾਣ ਗੁਰਮੁਖ ਸਿੰਘ (ਗੈਰੀ) ਵਜੋਂ ਹੋਈ ਹੈ। 23 ਜੁਲਾਈ ਨੂੰ ਫੇਲਬ੍ਰਿਜ ਰੋਡ ’ਤੇ ਇੱਕ ਰਿਹਾਇਸ਼ੀ ਜਾਇਦਾਦ ’ਤੇ ਉਸ ’ਤੇ ਹਮਲਾ ਕੀਤਾ ਗਿਆ ਸੀ। ਐਮਰਜੈਂਸੀ ਸੇਵਾਵਾਂ ਨੇ ਘਟਨਾ ’ਤੇ ਤੁਰੰਤ ਕਾਰਵਾਈ ਕੀਤੀ, ਪਰ ਪੈਰਾਮੈਡਿਕਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸਨੂੰ ਬਚਾਇਆ ਨਹੀਂ ਜਾ ਸਕਿਆ। ਡਾਕਟਰਾਂ ਨੇ ਉਸਨੂੰ ਮੌਕੇ ’ਤੇ ਮ੍ਰਿਤਕ ਐਲਾਨ ਦਿੱਤਾ ਗਿਆ।
ਯੂਕੇ ਪੁਲਿਸ ਦਾ ਮੰਨਣਾ ਹੈ ਕਿ ਕਤਲ ਵਿੱਚ ਸ਼ਾਮਲ ਲੋਕ ਅਤੇ ਪੀੜਤ ਮ੍ਰਿਤਕ ਇੱਕ ਦੂਜੇ ਨੂੰ ਜਾਣਦੇ ਸਨ। ਗੁਰਮੁਖ ਸਿੰਘ ਉਰਫ਼ ਗੈਰੀ ਦੀ ਪਿਛਲੇ ਹਫ਼ਤੇ ਪੂਰਬੀ ਲੰਡਨ ਦੇ ਇਲਫੋਰਡ ਵਿੱਚ ਫੇਲਬ੍ਰਿਜ ਰੋਡ ’ਤੇ ਮੌਤ ਹੋ ਗਈ ਸੀ। ਪੁਲਿਸ ਨੇ ਕਿਹਾ ਕਿ ਉਸਦੇ ਅਧਿਕਾਰੀਆਂ ਨੇ 23 ਜੁਲਾਈ ਨੂੰ ਹੋਏ ਕਤਲ ਦੇ ਸ਼ੱਕ ਵਿੱਚ 27 ਸਾਲਾ ਅਮਰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਕਤਲ ਦਾ ਇਲਜ਼ਮ ਲਗਾਇਆ ਗਿਆ ਹੈ ਅਤੇ ਉਹ 5 ਜਨਵਰੀ, 2026 ਨੂੰ ਲੰਡਨ ਦੇ ਓਲਡ ਬੇਲੀ ਵਿਖੇ ਅਗਲੀ ਅਦਾਲਤ ਵਿੱਚ ਪੇਸ਼ ਹੋਣ ਤੱਕ ਹਿਰਾਸਤ ਵਿੱਚ ਰਹੇਗਾ।
ਪੁਲਿਸ ਅਧਿਕਾਰੀਆਂ ਨੇ ਇਸ ਸਬੰਧ ਵਿੱਚ ਇੱਕ 29 ਸਾਲਾ ਵਿਅਕਤੀ ਅਤੇ ਤਿੰਨ ਔਰਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਵਿੱਚ ਪੁਲਿਸ ਜਾਂਚ ਜਾਰੀ ਹੈ। ਹਾਲਾਂਕਿ, ਸਾਰਿਆਂ ਨੂੰ ਅਕਤੂਬਰ ਤੱਕ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ।