The Khalas Tv Blog International ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਸਰਕਾਰ, ਵਜ਼ਾਰਤ ‘ਚ 4 ਪੰਜਾਬੀ ਸ਼ਾਮਲ
International

ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਸਰਕਾਰ, ਵਜ਼ਾਰਤ ‘ਚ 4 ਪੰਜਾਬੀ ਸ਼ਾਮਲ

ਬ੍ਰਿਟਿਸ਼ ਕੋਲੰਬੀਆ : ਪਿਛਲੇ ਮਹੀਨੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ’ਚ ਕੁਝ ਹਲਕਿਆਂ ਵਿਚ ਜਿੱਤ ਦਾ ਫ਼ਰਕ 100 ਵੋਟਾਂ ਤੋਂ ਘੱਟ ਹੋਣ ਕਰ ਕੇ ਦੁਬਾਰਾ ਹੋਈ ਗਿਣਤੀ ਤੋਂ ਬਾਅਦ ਐਲਾਨੇ ਗਏ ਅੰਤਿਮ ਨਤੀਜਿਆਂ ਵਿੱਚ ਫਿਰ ਤੋਂ ਸੱਤਾ ਵਿੱਚ ਜਗਮੀਤ ਸਿੰਘ ਦੀ ਨਿਊ ਡੈਮੋਕਰੈਟਿਕ ਪਾਰਟੀ (NDP) ਆ ਗਈ ਹੈ ਅਤੇ NDP ਆਗੂ ਡੇਵਿਡ ਈਬੀ ਨੇ ਆਪਣੇ ਮੰਤਰੀ ਮੰਡਲ ਦਾ ਐਲਾਨ ਕਰਦੇ ਹੋਏ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਹੈ।

ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੀ ਨਿੱਕੀ ਸ਼ਰਮਾ ਨੂੰ ਉਪ ਮੁੱਖ ਮੰਤਰੀ ਅਤੇ ਅਟਾਰਨੀ ਜਨਰਲ ਬਣਾਇਆ ਗਿਆ ਹੈ। ਸੱਤਵੀਂ ਵਾਰ ਜੇਤੂ ਰਹੇ ਜਗਰੂਪ ਬਰਾੜ ਨੂੰ ਖਾਣਾਂ ਅਤੇ ਖਣਿਜ ਵਿਭਾਗ ਦੇ ਮੰਤਰੀ, ਰਵੀ ਪਰਮਾਰ ਜੰਗਲਾਤ ਮੰਤਰੀ, ਰਵੀ ਕਾਹਲੋਂ ਨੂੰ ਪਹਿਲੇ ਵਿਭਾਗ ਹਾਊਸਿੰਗ ਦੇ ਨਾਲ ਹੁਣ ਮਿਊਂਸਿਪਲ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ ਅਤੇ ਸੱਤ ਸਾਲ ਸਿਹਤ ਮੰਤਰੀ ਵਜੋਂ ਸੇਵਾਵਾਂ ਨਿਭਾ ਰਹੇ ਐਂਡਰੀਅਨ ਡਿਕਸ ਨੂੰ ਊਰਜਾ ਵਿਭਾਗ ਦਿੱਤਾ ਗਿਆ ਹੈ।

ਕੁੱਲ 24 ਮੰਤਰੀਆਂ ਅਤੇ 4 ਰਾਜ ਮੰਤਰੀਆਂ ਦੇ ਨਾਲ ਨਾਲ ਕੁਝ ਪਾਰਲੀਮਾਨੀ ਸਕੱਤਰ ਬਣਾਏ ਗਏ ਹਨ, ਜਿਨ੍ਹਾਂ ਵਿਚ ਜੈਸੀ ਸੁੰਨੜ, ਹਰਵਿੰਦਰ ਸੰਧੂ, ਆਮਨਾ ਸ਼ਾਹ, ਸੁਨੀਤਾ ਧੀਰ ਦੇ ਨਾਮ ਸ਼ਾਮਲ ਹਨ। ਡੇਵਿਡ ਈਬੀ ਵਲੋਂ ਸਾਰੇ ਭਾਈਚਾਰਿਆਂ ਨੂੰ ਉਨ੍ਹਾਂ ਦੀ ਵਿਧਾਨ ਸਭਾ ਵਿੱਚ ਹੋਂਦ ਨੂੰ ਧਿਆਨ ਵਿੱਚ ਰੱਖ ਕੇ ਬਣਦਾ ਹਿੱਸਾ ਦਿੱਤਾ ਗਿਆ ਹੈ ਅਤੇ ਔਰਤਾਂ ਨੂੰ ਵੀ ਬਰਾਬਰੀ ਨਾਲ ਨਿਵਾਜਿਆ ਹੈ।

ਪਿਛਲੇ ਮੰਤਰੀ ਮੰਡਲ ਵਿੱਚ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਕੁਝ ਆਗੂਆਂ ਦੇ ਵਿਭਾਗ ਇਸ ਵਾਰ ਬਦਲ ਦਿੱਤੇ ਗਏ ਹਨ, ਪਰ ਰਵੀ ਕਾਹਲੋਂ ਵਲੋਂ ਹਾਊਸਿੰਗ ਸਮੱਸਿਆਵਾਂ ਪ੍ਰਤੀ ਨਿਭਾਈ ਚੰਗੀ ਜ਼ਿੰਮੇਵਾਰੀ ਕਾਰਨ ਉਨ੍ਹਾਂ ਨੂੰ ਫਿਰ ਤੋਂ ਉਸੇ ਵਿਭਾਗ ਦੇ ਨਾਲ ਮਿਊਸਪਲ ਸੇਵਾਵਾਂ ਵੀ ਜੋੜ ਦਿੱਤੀਆਂ ਗਈਆਂ ਹਨ। ਨਿੱਕੀ ਸ਼ਰਮਾ ਨੂੰ ਉਸਦੀ ਕਾਬਲੀਅਤ ਦੇ ਲਿਹਾਜ਼ ਨਾਲ ਡਿਪਟੀ ਪ੍ਰੀਮੀਅਰ ਬਣਾਇਆ ਗਿਆ ਹੈ, ਜੋ ਕਿਸੇ ਕਾਰਨ ਪ੍ਰੀਮੀਅਰ ਦੀ ਗੈਰਮੌਜੂਦਗੀ ਵਿੱਚ ਉਸ ਕੁਰਸੀ ’ਤੇ ਬੈਠ ਸਕੇਗੀ।

Exit mobile version