ਬਿਊਰੋ ਰਿਪੋਰਟ (ਚੰਡੀਗੜ੍ਹ, 1 ਸਤੰਬਰ 2025): ਪੰਚਕੁਲਾ ਵਿੱਚ ਸਵੇਰੇ ਤੋਂ ਹੀ ਭਾਰੀ ਮੀਂਹ ਜਾਰੀ ਹੈ। ਲਗਾਤਾਰ ਪਹਾੜਾਂ ਅਤੇ ਮੈਦਾਨੀ ਇਲਾਕਿਆਂ ਵਿੱਚ ਹੋ ਰਹੀ ਬਾਰਸ਼ ਕਾਰਨ ਘੱਗਰ ਦਰਿਆ ਅਤੇ ਬਰਸਾਤੀ ਨਾਲੇ ਉਫਾਨ ’ਤੇ ਹਨ। ਖਡੂਨੀ ਵਿੱਚ ਲਗਭਗ 1 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਪੁਲ ਹੜ੍ਹ ਦੇ ਪਾਣੀ ਨਾਲ ਢਹਿ-ਢੇਰੀ ਹੋ ਗਿਆ। ਪੁਲ ਡਿੱਗਣ ਨਾਲ ਪਿੰਡ ਦਾ ਸੰਪਰਕ ਟੁੱਟ ਗਿਆ ਹੈ। ਇਸੇ ਤਰ੍ਹਾਂ ਛਾਮਲਾ ਪਿੰਡ ਵਿੱਚ ਨਾਲੇ ’ਤੇ ਬਣਿਆ ਪੁਲ ਵੀ ਪੂਰੀ ਤਰ੍ਹਾਂ ਡੁੱਬ ਗਿਆ ਹੈ।
ਇਸੇ ਦੌਰਾਨ ਮੋਰਨੀ-ਪੰਚਕੂਲਾ ਮਾਰਗ ’ਤੇ ਯਾਤਰੀਆਂ ਨਾਲ ਭਰੀ ਇਕ ਹਰਿਆਣਾ ਰੋਡਵੇਜ਼ ਦੀ ਬੱਸ ਖੱਡ ਵਿੱਚ ਡਿੱਗਣ ਤੋਂ ਮਸਾਂ-ਮਸਾਂ ਬਚੀ। ਦਰਅਸਲ ਮੀਂਹ ਕਾਰਨ ਪਹਾੜ ਦੀ ਮਿੱਟੀ ਖਿਸਕ ਕੇ ਸੜਕ ’ਤੇ ਆ ਗਈ ਸੀ ਜਿਸ ਨਾਲ ਸੜਕ ਉੱਤੇ ਚਿੱਕੜ ਇਕੱਠਾ ਹੋ ਗਿਆ। ਇਸ ਕਰਕੇ ਬੱਸ ਫਿਸਲ ਕੇ ਖੱਡ ਵੱਲ ਜਾਣ ਲੱਗੀ। ਬੱਸ ਵਿੱਚ ਸਵਾਰ ਯਾਤਰੀਆਂ ਵਿੱਚ ਘਬਰਾਹਟ ਫੈਲ ਗਈ।
ਡਰਾਈਵਰ ਨੇ ਸਮੇਂ-ਸਿਰ ਸੂਝਬੂਝ ਦਿਖਾਈ ਅਤੇ ਬੱਸ ਨੂੰ ਕੰਟਰੋਲ ਕਰ ਲਿਆ। ਇਹ ਬੱਸ ਮੋਰਨੀ ਤੋਂ ਸਵੇਰੇ ਲਗਭਗ 10:30 ਵਜੇ ਪੰਚਕੁਲਾ ਆ ਰਹੀ ਸੀ ਜਿਸ ਵਿੱਚ 20 ਤੋਂ 25 ਯਾਤਰੀ ਸਵਾਰ ਸਨ।
ਮੌਸਮ ਵਿਭਾਗ ਨੇ ਜ਼ਿਲ੍ਹੇ ਵਿੱਚ ਲਗਾਤਾਰ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਕਰਕੇ ਸਥਾਨਕ ਪ੍ਰਸ਼ਾਸਨ ਹੜ੍ਹ ਦੇ ਖ਼ਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਲਰਟ ’ਤੇ ਹੈ।