Punjab

ਸੜਕ ਹਾਦਸੇ ’ਚ ਨਵੀਂ ਵਿਆਹੀ ਲਾੜੀ ਦੀ ਮੌਤ, ਲਾੜਾ ਗੰਭੀਰ ਜ਼ਖ਼ਮੀ, ਤਿੰਨ ਦਿਨ ਪਹਿਲਾਂ ਹੋਇਆ ਸੀ ਵਿਆਹ

ਬਿਊਰੋ ਰਿਪੋਰਟ (ਫ਼ਤਹਿਗੜ੍ਹ ਸਾਹਿਬ, 26 ਨਵੰਬਰ 2025): ਫ਼ਤਹਿਗੜ੍ਹ ਸਾਹਿਬ ਦੇ ਮਨੂੰਪੁਰ ਬਲਾੜਾ ਰੋਡ ’ਤੇ ਮੰਗਲਵਾਰ ਰਾਤ ਇੱਕ ਭਿਆਨਕ ਸੜਕ ਹਾਦਸੇ ਵਿੱਚ ਨਵ-ਵਿਆਹੀ ਲਾੜੀ ਅਮਰਦੀਪ ਕੌਰ (21) ਦੀ ਮੌਤ ਹੋ ਗਈ। ਹਾਦਸੇ ਵਿੱਚ ਲਾੜਾ ਗੁਰਮੁਖ ਸਿੰਘ (21) ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਇਸ ਜੋੜੇ ਦਾ ਵਿਆਹ ਸਿਰਫ਼ ਤਿੰਨ ਦਿਨ ਪਹਿਲਾਂ ਹੀ ਐਤਵਾਰ ਨੂੰ ਹੋਇਆ ਸੀ।

ਬੱਸੀ ਪਠਾਣਾਂ ਦੀ ਰਹਿਣ ਵਾਲੀ ਅਮਰਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਕਿ, ਦੁਬਾਲੀ (ਫ਼ਤਹਿਗੜ੍ਹ ਸਾਹਿਬ) ਦੇ ਵਸਨੀਕ ਲਾੜੇ ਗੁਰਮੁਖ ਸਿੰਘ ਨੂੰ ਗੰਭੀਰ ਹਾਲਤ ਵਿੱਚ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਦੀ ਟੀਮ ਉਸਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ।

ਥਾਣਾ ਬਡਾਲੀ ਆਲਾ ਸਿੰਘ ਦੇ ਐਸ.ਐਚ.ਓ. ਹਰਕੀਰਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮਨੂੰਪੁਰ ਬਲਾੜਾ ਰੋਡ ’ਤੇ ਇੱਕ ਕਾਰ ਦਰੱਖਤ ਨਾਲ ਟਕਰਾ ਗਈ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕੀਤਾ।

ਰਿਸ਼ਤੇਦਾਰਾਂ ਨੂੰ ਮਿਲਣ ਜਾ ਰਿਹਾ ਸੀ ਜੋੜਾ

ਪੁਲਿਸ ਅਨੁਸਾਰ, ਇਹ ਨਵ-ਵਿਆਹਿਆ ਜੋੜਾ ਐਤਵਾਰ ਨੂੰ ਵਿਆਹ ਤੋਂ ਬਾਅਦ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰ ਰਿਹਾ ਸੀ। ਹਾਦਸੇ ਦੇ ਸਮੇਂ ਦੋਵੇਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੇ ਸਨ। ਸਥਾਨਕ ਲੋਕਾਂ ਨੇ ਦੱਸਿਆ ਕਿ ਟੱਕਰ ਦੀ ਆਵਾਜ਼ ਬਹੁਤ ਤੇਜ਼ ਸੀ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਤੁਰੰਤ ਮੌਕੇ ਤੇ ’ਪਹੁੰਚੇ।

ਐਸ.ਐਚ.ਓ. ਹਰਕੀਰਤ ਸਿੰਘ ਨੇ ਦੱਸਿਆ ਕਿ ਹਾਦਸੇ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੁੱਢਲੀ ਜਾਂਚ ਵਿੱਚ ਤੇਜ਼ ਰਫ਼ਤਾਰ ਜਾਂ ਅਚਾਨਕ ਵਾਹਨ ਬੇਕਾਬੂ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਅਸਲ ਕਾਰਨਾਂ ਦਾ ਖ਼ੁਲਾਸਾ ਵਾਹਨ ਦੀ ਤਕਨੀਕੀ ਜਾਂਚ ਅਤੇ ਲਾੜੇ ਦੇ ਬਿਆਨ ਤੋਂ ਬਾਅਦ ਹੀ ਹੋ ਸਕੇਗਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।