‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰ ਸਰਕਾਰ ਨੇ ਸੀਬੀਐੱਸਈ ਬੋਰਡ ਦੇ ਪੇਪਰਾਂ ਨੂੰ ਰੱਦ ਕਰ ਦਿੱਤਾ ਹੈ। ਕੇਂਦਰੀ ਸਿਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 12ਵੀਂ ਜਮਾਤ ਦੇ ਪੇਪਰਾਂ ਦੀ ਤਰੀਕ ਫਿਲਹਾਲ ਅੱਗੇ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਇਨ੍ਹਾਂ ਪ੍ਰੀਖਿਆਵਾਂ ਦੀ ਸਮੀਖਿਆ ਕਰਨ ਲਈ ਪ੍ਰਧਾਨ ਮੰਤਰੀ ਨਾਲ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ ਹੈ। 10 ਵੀਂ ਜਮਾਤ ਦੇ ਨਤੀਜੇ ਬੋਰਡ ਦੁਆਰਾ ਤਿਆਰ ਕੀਤੇ ਗਏ ਮਾਪਦੰਡ ਦੇ ਅਧਾਰ ‘ਤੇ ਤਿਆਰ ਜਾਰੀ ਕੀਤੇ ਜਾਣਗੇ।
ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਬਾਅਦ ਵਿਚ ਲਈਆਂ ਜਾਣਗੀਆਂ, ਜਿਸਦੀ ਸਥਿਤੀ 1 ਜੂਨ ਨੂੰ ਵਿਚਾਰੀ ਜਾਵੇਗੀ। ਉਨ੍ਹਾਂ ਦੱਸਿਆ ਕਿ 10 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅੰਦਰੂਨੀ ਮੁਲਾਂਕਣ ਦੇ ਅਧਾਰ ਤੇ ਪ੍ਰੋਮੋਟ ਕੀਤਾ ਜਾਵੇਗਾ। ਜੇ ਕੋਈ ਵਿਦਿਆਰਥੀ ਇਲ ਮੁਲਾਂਕਣ ਤੋਂ ਅਸੰਤੁਸ਼ਟ ਹੋਵੇਗਾ ਤਾਂ ਉਹ ਕੋਵਿਡ ਦੀ ਸਥਿਤੀ ਸੁਧਰਨ ‘ਤੇ ਫਿਰ ਪ੍ਰੀਖਿਆ ਦੇ ਸਕਦਾ ਹੈ।
ਉਨ੍ਹਾਂ ਕਿਹਾ ਕਿ ਬੋਰਡ ਦੁਆਰਾ 1 ਜੂਨ 2021 ਨੂੰ 12 ਜਮਾਤ ਬਾਰੇ ਜਾਇਜ਼ਾ ਲਿਆ ਜਾਵੇਗਾ ਅਤੇ ਬਾਅਦ ਵਿਚ ਵੇਰਵਿਆਂ ਨੂੰ ਸਾਂਝਾ ਕੀਤਾ ਜਾਵੇਗਾ। ਪ੍ਰੀਖਿਆਵਾਂ ਦੀ ਸ਼ੁਰੂਆਤ ਤੋਂ ਪਹਿਲਾਂ ਘੱਟੋ-ਘੱਟ 15 ਦਿਨਾਂ ਦਾ ਨੋਟਿਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਹਾਂਮਾਰੀ ਅਤੇ ਸਕੂਲ ਬੰਦ ਹੋਣ ਦੀ ਮੌਜੂਦਾ ਸਥਿਤੀ ਨੂੰ ਵੇਖਦਿਆਂ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਕੀਤਾ ਗਿਆ ਹੈ।