ਬਿਉਰੋ ਰਿਪੋਰਟ: ਬੀਤੇ ਦਿਨੀਂ ਬ੍ਰੈਂਪਟਨ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਬਿਨਾਂ ਇਜਾਜ਼ਤ ਇੱਕ ਸਿੱਖ ਬਜ਼ੁਰਗ ਦੀ ਦਾੜ੍ਹੀ ਸ਼ੇਵ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਬਾਰੇ ਬਜ਼ੁਰਗ ਦੇ ਪਰਿਵਾਰ ਵੱਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ। ਇਸ ਮਾਮਲੇ ਸਬੰਧੀ ਹੁਣ ਕੈਨੇਡਾ ਦੇ ਸਿਹਤ ਵਿਭਾਗ ਨੇ ਮੁਆਫ਼ੀ ਪਰਿਵਾਰ ਕੋਲੋਂ ਮੁਆਫ਼ੀ ਮੰਗ ਲਈ ਹੈ। ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪ੍ਰਧਾਨ ਅਤੇ ਸੀਈਓ ਡਾ. ਫ੍ਰੈਂਕ ਮਾਰਟੀਨੋ ਅਤੇ ਬੋਰਡ ਦੇ ਚੇਅਰਪਰਸਨ ਪਰਦੀਪ ਸਿੰਘ ਗਿੱਲ ਨੇ ਬੁੱਧਵਾਰ ਨੂੰ ਜਨਤਕ ਤੌਰ ’ਤੇ ਮੁਆਫ਼ੀ ਜਾਰੀ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਅਸੀਂ ਧਾਰਮਿਕ ਤੇ ਸੱਭਿਆਚਾਰਕ ਦੇਖਭਾਲ ਦੇ ਰਿਵਾਜ਼ਾਂ ਨੂੰ ਠੀਕ ਤਰੀਕੇ ਨਾਲ ਨਹੀਂ ਦੇਖਿਆ ਇਤੇ ਇੱਕ ਸਿੱਖ ਮਰੀਜ਼ ਦੀ ਦਾੜ੍ਹੀ ਬਿਨ੍ਹਾਂ ਉਸ ਦੀ ਰਜ਼ਾਮੰਦੀ ਅਤੇ ਬਿਨ੍ਹਾਂ ਕਿਸੇ ਦੀ ਆਗਿਆ ਦੇ ਸ਼ੇਵ ਕਰ ਦਿੱਤੀ। ਅਸੀਂ ਇਸ ਘਟਨਾ ਦੀ ਪੂਰੀ ਜ਼ਿੰਮੇਦਾਰੀ ਲੈਂਦੇ ਹਾਂ ਤੇ ਅਤੇ ਅਸੀਂ ਮਰੀਜ਼ ਅਤੇ ਉਸਦੇ ਪਰਿਵਾਰ ਤੋਂ ਆਪਣੀ ਤਹਿ ਦਿਲੋਂ ਮੁਆਫ਼ੀ ਮੰਗਦੇ ਹਾਂ।
ਪੂਰਾ ਮਾਮਲਾ
ਬਰੈਂਪਟਨ ਸਿਵਿਕ ਹਸਪਤਾਲ ਵਿੱਚ ਇਲਾਜ ਦੌਰਾਨ 85 ਸਾਲ ਦੇ ਜੋਗਿੰਦਰ ਸਿੰਘ ਕਲੇਰ ਦੀ ਦਾੜ੍ਹੀ ਸ਼ੇਵ ਕਰ ਦਿੱਤੀ ਗਈ ਸੀ ਜੋ ਸਿੱਖ ਰਹਿਤ ਮਰਿਆਦਾ ਮੁਤਾਬਕ ਕੁਰਹਿਤ ਹੈ। ਸਿੱਖ ਜੋਗਿੰਦਰ ਸਿੰਘ ਕਲੇਰ ਬੇਹੋਸ਼ ਸਨ ਜਿਸ ਦੇ ਮੱਦੇਨਜ਼ਰ ਹਸਪਤਾਲ ਵਾਲਿਆਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਕਰਦਿਆਂ ਦਾੜ੍ਹੀ ਸ਼ੇਵ ਕਰਨ ਦੀ ਇਜਾਜ਼ਤ ਮੰਗੀ ਪਰ ਪਰਿਵਾਰ ਨੇ ਇਸ ਤੋਂ ਇਨਕਾਰ ਕਰ ਦਿੱਤਾ। ਹਸਪਤਾਲ ਦੀ ਇਸ ਹਰਕਤ ਕਾਰਨ ਪਰਿਵਾਰ ਦੇ ਜਜ਼ਬਾਤਾਂ ਨੂੰ ਵੱਡੀ ਢਾਹ ਲੱਗੀ।
ਜਾਣਕਾਰੀ ਮੁਤਾਬਕ 26 ਜੁਲਾਈ ਨੂੰ ਪੌੜੀਆਂ ਤੋਂ ਡਿੱਗ ਕੇ ਜੋਗਿੰਦਰ ਸਿੰਘ ਕਲੇਰ ਬੇਹੋਸ਼ ਹੋ ਗਏ ਸਨ, ਜਿਸ ਮਗਰੋਂ ਉਨ੍ਹਾਂ ਨੂੰ ਬਰੈਂਪਟਨ ਸਿਵਿਕ ਹਸਪਤਾਲ ਲਿਜਾਇਆ ਗਿਆ। ਜੋਗਿੰਦਰ ਸਿੰਘ ਕਲੇਰ ਦੇ ਸਿਰ ਵਿਚ ਅੰਦਰੂਨੀ ਖ਼ੂਨ ਦਾ ਰਿਸਾਅ ਹੋ ਰਿਹਾ ਸੀ ਅਤੇ ਜਬਾੜੇ ਸਣੇ ਬਾਂਹ ਵਿੱਚ ਵੀ ਫਰੈਕਚਰ ਆਇਆ ਸੀ। ਸੇਂਟ ਮਾਈਕਲਜ਼ ਹਸਪਤਾਲ ਵਿਖੇ ਜਬਾੜੇ ਦੀ ਸਰਜਰੀ ਕੀਤੀ ਗਈ ਅਤੇ ਵਾਪਸ ਬਰੈਂਪਟਨ ਸਿਵਿਕ ਹਸਪਤਾਲ ਲਿਆਂਦਾ ਗਿਆ। ਸੇਂਟ ਮਾਈਕਲਜ਼ ਹਸਪਤਾਲ ਦੇ ਸਟਾਫ ਨੇ ਵੀ ਦਾੜ੍ਹੀ ਸ਼ੇਵ ਕਰਨ ਦੀ ਇਜਾਜ਼ਤ ਮੰਗੀ ਸੀ ਪਰ ਪਰਿਵਾਰ ਨੇ ਨਾਂਹ ਕਰ ਦਿਤੀ ਸੀ। ਪਰ ਹੁਣ ਕੈਨੇਡਾ ਦੇ ਸਿਹਤ ਵਿਭਾਗ ਨੇ ਆਪਣੀ ਗਲਤੀ ਲਈ ਮੁਆਫ਼ੀ ਮੰਗ ਲਈ ਹੈ।