India Punjab

ਇੱਕ ਚਾਲਾਨ ਬਦਲੇ ਜ਼ਿੰਦਗੀ ਦਾਅ ‘ਤੇ ਲਾ ਗਿਆ ਆਹ ਮੁੰਡਾ

‘ਦ ਖ਼ਾਲਸ ਟੀਵੀ ਬਿਊਰੋ:- ਚਾਲਾਨ ਕਿਸੇ ਦੀ ਜ਼ਿੰਦਗੀ ਖਾ ਸਕਦਾ ਹੈ, ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ‘ਚ ਪੁਲਿਸ ਵੱਲੋਂ ਕੱਟਿਆ ਨੌਜਵਾਨ ਦਾ ਚਾਲਾਨ ਇੱਕ ਨੌਜਵਾਨ ਦੀ ਜਿੰਦਗੀ ਲਈ ਮਹਿੰਗਾ ਪੈ ਗਿਆ। ਦੱਸਿਆ ਗਿਆ ਹੈ ਕਿ ਨੌਜਵਾਨ ਦਾ ਘਰ 13 ਹਜ਼ਾਰ ਰੁਪਏ ਦਾ ਚਾਲਾਨ ਕੀਤਾ ਗਿਆ ਸੀ ਤੇ ਇਸੇ ਤੋਂ ਪਰੇਸ਼ਾਨ ਹੋ ਕੇ ਇਸ ਨੌਜਵਾਨ ਨੇ ਜ਼ਹਿਰ ਖਾ ਲਿਆ। ਲੜਕੇ ਨੂੰ ਹਸਪਤਾਲ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਤੇ ਉਸ ਵਿੱਚ ਪੁਲਿਸ ‘ਤੇ ਕੁੱਟਮਾਰ ਅਤੇ ਗਾਲਾ ਕੱਢਣ ਦੇ ਦੋਸ਼ ਲਗਾਏ ਸਨ।

ਉੱਧਰ, ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਲੜਕਾ ਨਵੀਂ ਸਬਜ਼ੀ ਮੰਡੀ ਏਰੀਆ ਮੰਗਲ ਕਾਲੋਨੀ ਪਾਰਟ ਟੂ ਦਾ ਰਹਿਣ ਵਾਲਾ ਸੀ ਤੇ 18 ਸਾਲ ਦੇ ਇਸ ਲੜਕੇ ਦਾ ਨਾਂ ਮੋਹਿਤ ਸੀ। ਇਹ ਗੱਦੇ ਬਣਾਉਣ ਵਾਲੀ ਇੱਕ ਨਿੱਜੀ ਫ਼ੈਕਰਟੀ ਵਿੱਚ ਕੰਮ ਕਰਦਾ ਸੀ।

ਇਸ ਨੌਜਵਾਨ ਦਾ ਚਾਲਾਨ ਤਲਵਾਰ ਚੌਕ ‘ਤੇ ਕੀਤਾ ਗਿਆ, ਜਿੱਥੇ ਰੇਲਵੇ ਰੋਡ ‘ਤੇ ਪੁਲਿਸ ਚੈਕਿੰਗ ਕਰ ਰਹੀ ਸੀ। ਜਾਣਕਾਰੀ ਮੁਤਾਬਿਕ ਇਸ ਦੌਰਾਨ ਤੋਂ ਪੁਲਿਸ ਨੇ ਮੋਟਰ ਸਾਈਕਲ ਦੇ ਕਾਗ਼ਜ਼ ਮੰਗੇ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਇਸ ਦੌਰਾਨ ਤਿੰਨ ਪੁਲਿਸ ਅਧਿਕਾਰੀਆਂ ਨੇ ਨੌਜਵਾਨ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਵੀ ਸਨ। ਪੁਲਿਸ ਨੇ ਉਸ ਨੂੰ ਕਿਹਾ ਕਿ ਉਸ ਦੀ ਮੋਟਰ ਸਾਈਕਲ ਚੋਰੀ ਦੀ ਹੈ। ਉਹ ਸਫ਼ਾਈ ਦੇਣ ਲੱਗਿਆ ਤਾਂ ਪੁਲਿਸ ਵਾਲਿਆਂ ਨੇ ਉਸ ਦੇ ਨਾਲ ਮਾਰਕੁਟਾਈ ਕਰ ਦਿੱਤੀ।

ਇਸ ਤੋਂ ਬਾਅਦ ਪੁਲਿਸ ਨੇ ਮੋਟਰ ਸਾਈਕਲ ਦਾ 13 ਹਜ਼ਾਰ 500 ਰੁਪਏ ਦਾ ਚਾਲਾਨ ਕੱਟ ਦਿੱਤਾ। ਇਸੇ ਤੋਂ ਪਰੇਸ਼ਾਨ ਹੋ ਕੇ ਮੋਹਿਤ ਨੇ ਜਹਿਰ ਖਾ ਲਿਆ। ਉੱਧਰ, ਜਾਂਚ ਅਧਿਕਾਰੀ ਸੰਦੀਪ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤੇ ਜੇ ਕੈਮਰੇ ਵਿੱਚ ਮੋਹਿਤ ਨਾਲ ਕੁੱਟਮਾਰ ਹੁੰਦੀ ਦਿਖਾਈ ਦਿੰਦੀ ਹੈ ਤਾਂ ਮੁਲਜ਼ਮ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।