ਦਿੱਲੀ : ਪਲਾਸਟਿਕ ਦੀਆਂ ਬੋਤਲਾਂ ਜਾਂ ਡੱਬਿਆਂ ਵਿੱਚ ਉਪਲਬਧ ਪਾਣੀ ਪੀਣਾ ਸਿਹਤ ਲਈ ਬਹੁਤ ਘਾਤਕ ਹੈ। ਇਹ ਹੈਰਾਨਕੁਨ ਖ਼ੁਲਾਸਾ ‘ਪ੍ਰੋਸੀਡਿੰਗਜ਼ ਆਫ਼ ਦ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼’ ਵਿੱਚ ਪ੍ਰਕਾਸ਼ਿਤ ਇੱਕ ਖੋਜ ਵਿੱਚੋਂ ਹੋਇਆ ਹੈ। ਅਧਿਐਨ ਵਿੱਚ ਵਿਗਿਆਨੀਆਂ ਨੇ ਕਿਹਾ ਹੈ ਕਿ ਅਜਿਹੇ ਪਾਣੀ ‘ਚ ਪਲਾਸਟਿਕ ਦੇ ਲੱਖਾਂ ਛੋਟੇ ਕਣ ਮੌਜੂਦ ਹਨ। ਦੱਸਿਆ ਗਿਆ ਹੈ ਕਿ ਪਹਿਲੀ ਵਾਰ ਵਿਗਿਆਨੀਆਂ ਨੇ ਇਸ ਖੋਜ ਲਈ ਨਵੀਂ ਤਕਨੀਕ ਦੀ ਵਰਤੋਂ ਕੀਤੀ ਹੈ।
ਇੱਕ ਬੋਤਲ ਵਿੱਚ 2,40,000 ਪਲਾਸਟਿਕ ਦੇ ਟੁਕੜੇ
ਪਾਣੀ ਦੀ ਇੱਕ ਆਮ ਬੋਤਲ (1 ਲੀਟਰ) ਵਿੱਚ ਲਗਭਗ 2,40,000 ਪਲਾਸਟਿਕ ਦੇ ਟੁਕੜੇ ਪਾਏ ਜਾਂਦੇ ਹਨ। ਇੱਕ ਨਵੇਂ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ। ਖੋਜਕਰਤਾਵਾਂ ਦੇ ਅਨੁਸਾਰ, ਇਹਨਾਂ ਵਿੱਚੋਂ ਜ਼ਿਆਦਾਤਰ ਹਿੱਸਿਆਂ ਦੀ ਪਛਾਣ ਨਹੀਂ ਕੀਤੀ ਗਈ ਸੀ, ਉਨ੍ਹਾਂ ਦਾ ਕਹਿਣਾ ਹੈ ਕਿ ਪਲਾਸਟਿਕ ਪ੍ਰਦੂਸ਼ਣ ਨਾਲ ਸਬੰਧਿਤ ਸਿਹਤ ਚਿੰਤਾਵਾਂ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ ਸੀ।
ਮਨੁੱਖੀ ਸਿਹਤ ਲਈ ਬਹੁਤ ਖ਼ਤਰਨਾਕ
ਇੱਕ ਅਧਿਐਨ ’ਚ ਖ਼ੁਲਾਸਾ ਹੋਇਆ ਹੈ ਕਿ ਬੋਤਲਬੰਦ ਪਾਣੀ ’ਚ ਹਜ਼ਾਰਾਂ ਪਛਾਣੇ ਜਾਣ ਯੋਗ ਤੱਤਾਂ ਦੇ ਨਾਲ ਨਾਲ ਪਹਿਲਾਂ ਤੋਂ ਹੀ ਅਜਿਹੇ ਨਾ ਪਛਾਣੇ ਜਾਣ ਯੋਗ ਢਾਈ ਲੱਖ ਦੇ ਕਰੀਬ ਨੈਨੋਪਲਾਸਟਿਕ ਹੁੰਦੇ ਹਨ , ਜੋ ਮਨੁੱਖੀ ਸਿਹਤ ਲਈ ਬਹੁਤ ਖ਼ਤਰਨਾਕ ਹਨ। ਇਨ੍ਹਾਂ ਨੈਨੋਪਲਾਸਟਿਕ ਦੀ ਗਿਣਤੀ ਪਿਛਲੇ ਅਨੁਮਾਨਾਂ ਨਾਲੋਂ 10 ਤੋਂ ਸੌ ਗੁਣਾ ਵੱਧ ਹੈ। ਹਾਲ ਹੀ ਦੇ ਸਾਲਾਂ ’ਚ ਇਸ ਗੱਲ ਨੂੰ ਲੈ ਕੇ ਚਿੰਤਾ ਵਧ ਰਹੀ ਹੈ ਕਿ ਮਾਈਕ੍ਰੋਪਲਾਸਟਿਕ ਵਜੋਂ ਜਾਣੇ ਜਾਣ ਵਾਲੇ ਛੋਟੇ ਕਣ ਮੂਲ ਰੂਪ ’ਚ ਧਰਤੀ ’ਤੇ ਹਰ ਥਾਂ, ਧਰੁਵੀ ਬਰਫ ਤੋਂ ਲੈ ਕੇ ਮਿੱਟੀ ਤੱਕ, ਪੀਣ ਵਾਲੇ ਪਾਣੀ ਅਤੇ ਭੋਜਨ ਵਿੱਚ ਦਿਖਾਈ ਦੇ ਰਹੇ ਹਨ।
ਅੰਤੜੀਆਂ ਤੇ ਫੇਫੜਿਆਂ ’ਚੋਂ ਸਿੱਧੇ ਖੂਨ ਵਿਚ ਰਲ ਸਕਦੇ
ਜਨਰਲ ਪ੍ਰੋਸੀਡਿੰਗਜ਼ ਆਫ ਦਿ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼ ’ਚ ਪ੍ਰਕਾਸ਼ਿਤ ਅਧਿਐਨ ’ਚ ਖੋਜਕਾਰਾਂ ਨੇ ਨੈਨੋਪਲਾਸਟਿਕ ’ਤੇ ਧਿਆਨ ਕੇਂਦਰਿਤ ਕੀਤਾ। ਮਾਈਕ੍ਰੋਪਲਾਸਟਿਕ ਦੇ ਕਣ ਹੋਰ ਵੀ ਜ਼ਿਆਦਾ ਟੁੱਟ ਗਏ ਹਨ। ਪਹਿਲੀ ਵਾਰ ਅਮਰੀਕਾ ’ਚ ਕੋਲੰਬੀਆ ਯੂਨੀਵਰਸਿਟੀ ਦੀ ਟੀਮ ਨੇ ਨਵੀਂ ਸੋਧੀ ਹੋਈ ਤਕਨੀਕ ਦੀ ਵਰਤੋਂ ਕਰਕੇ ਬੋਤਲਬੰਦ ਪਾਣੀ ’ਚ ਇਨ੍ਹਾਂ ਸੂਖਮ ਕਣਾਂ ਨੂੰ ਗਿਣਿਆ ਤੇ ਪਛਾਣ ਕੀਤੀ ਹੈ।
ਉਨ੍ਹਾਂ ਪਾਇਆ ਕਿ ਔਸਤਨ ਇੱਕ ਲਿਟਰ ਪਾਣੀ ’ਚ ਤਕਰੀਬਨ 2.40 ਲੱਖ ਪਤਾ ਲਾਉਣ ਯੋਗ ਪਲਾਸਟਿਕ ਦੇ ਟੁਕੜੇ ਹੁੰਦੇ ਹਨ ,ਜੋ ਪਿਛਲੇ ਅਨੁਮਾਨਾਂ ਤੋਂ 10 ਤੋਂ 100 ਗੁਣਾ ਵੱਧ ਹਨ ਤੇ ਇਹ ਮੁੱਖ ਤੌਰ ’ਤੇ ਵੱਡੇ ਆਕਾਰ ’ਤੇ ਆਧਾਰਿਤ ਸਨ। ਮਾਈਕ੍ਰੋਪਲਾਸਟਿਕ ਦੇ ਉਲਟ ਨੈਨੋਪਲਾਸਟਿਕਸ ਇੰਨੇ ਛੋਟੇ ਹੁੰਦੇ ਹਨ ਕਿ ਉਹ ਅੰਤੜੀਆਂ ਤੇ ਫੇਫੜਿਆਂ ’ਚੋਂ ਸਿੱਧੇ ਖੂਨ ਵਿਚ ਰਲ ਸਕਦੇ ਹਨ ਤੇ ਉੱਥੋਂ ਦਿਲ ਤੇ ਦਿਮਾਗ ਸਮੇਤ ਹੋਰ ਅੰਗਾਂ ਤੱਕ ਜਾ ਸਕਦੇ ਹਨ। ਉਹ ਸਰੀਰ ਦੇ ਇਕੱਲੇ-ਇਕੱਲੇ ਸੈੱਲ ’ਤੇ ਹਮਲਾ ਕਰ ਸਕਦੇ ਹਨ ਅਤੇ ਨਾੜਾਂ ਰਾਹੀਂ ਹੋ ਕੇ ਅਣਜੰਮੇ ਬੱਚੇ ਦੇ ਸਰੀਰ ’ਚ ਵੀ ਦਾਖਲ ਹੋ ਸਕਦੇ ਹਨ।
ਗਰਭਵਤੀ ਮਾਵਾਂ ਲਈ ਖ਼ਤਰਾ
ਵਿਗਿਆਨੀ ਚਿੰਤਤ ਹਨ ਕਿ ਨੈਨੋਪਲਾਸਟਿਕ ਇੰਨਾ ਛੋਟਾ ਹੈ ਕਿ ਇਸ ਦੇ ਪਾਚਨ ਪ੍ਰਣਾਲੀ ਅਤੇ ਫੇਫੜਿਆਂ ਤੱਕ ਪਹੁੰਚਣ ਦੀ ਸੰਭਾਵਨਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਕਣ ਖ਼ੂਨ ਵਿੱਚ ਰਲ ਕੇ ਪੂਰੇ ਸਰੀਰ ਵਿੱਚ ਪਹੁੰਚ ਸਕਦੇ ਹਨ। ਇਸ ਦੇ ਨਾਲ ਹੀ ਇਹ ਨੈਨੋਪਲਾਸਟਿਕ ਪਲੈਸੈਂਟਾ ਰਾਹੀਂ ਗਰਭ ਅੰਦਰ ਵਧ ਰਹੇ ਬੱਚੇ ਤੱਕ ਪਹੁੰਚ ਸਕਦਾ ਹੈ। ਹਾਲਾਂਕਿ ਫ਼ਿਲਹਾਲ ਇਹ ਸਭ ਮਹਿਜ਼ ਖ਼ਦਸ਼ੇ ਹਨ, ਪਰ ਇਸ ਬਾਰੇ ਵਿਸਥਾਰਪੂਰਵਕ ਅਧਿਐਨ ਕਰਨਾ ਅਜੇ ਬਾਕੀ ਹੈ।