ਬਿਉਰੋ ਰਿਪੋਰਟ: ਜੈਪੁਰ ਦੇ ਮੋਨੀਲੇਕ ਅਤੇ ਸੀਕੇ ਬਿਰਲਾ ਸਮੇਤ ਰਾਜਸਥਾਨ ਦੇ 100 ਤੋਂ ਵੱਧ ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਐਤਵਾਰ ਸਵੇਰੇ ਕਰੀਬ 8.30 ਵਜੇ ਆਈ ਇਸ ਮੇਲ ਨੇ ਹਸਪਤਾਲ ਪ੍ਰਬੰਧਨ ਨੂੰ ਗਧੀ ਗੇੜ ਪਾ ਦਿੱਤਾ ਹੈ। ਮੇਲ ’ਚ ਲਿਖਿਆ ਸੀ- ਹਸਪਤਾਲ ਦੇ ਬੈੱਡ ਦੇ ਹੇਠਾਂ ਅਤੇ ਬਾਥਰੂਮ ਦੇ ਅੰਦਰ ਬੰਬ ਹੈ। ਹਸਪਤਾਲ ਵਿੱਚ ਮੌਜੂਦ ਹਰ ਵਿਅਕਤੀ ਨੂੰ ਮਾਰ ਦਿੱਤਾ ਜਾਵੇਗਾ। ਹਰ ਪਾਸੇ ਖ਼ੂਨ ਹੀ ਖ਼ੂਨ ਹੋਵੇਗਾ। ਤੁਸੀਂ ਸਾਰੇ ਮੌਤ ਦੇ ਹੀ ਲਾਇਕ ਹੋ। ਮੇਲ ਕਰਨ ਵਾਲੇ ਨੇ ਆਪਣੀ ਪਛਾਣ ‘ਲੱਖਾ ਅੱਤਵਾਦੀ ਚਿੰਗ ਐਂਡ ਕਲਟਿਸਟ’ ਵਜੋਂ ਦੱਸੀ ਹੈ।
ਦੱਸ ਦੇਈਏ ਜੈਪੁਰ ਦੇ ਇੱਕ ਦਰਜਨ ਤੋਂ ਵੱਧ ਹਸਪਤਾਲਾਂ ਨੂੰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ। ਸੂਚਨਾ ਮਿਲਣ ਦੇ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਮੋਨੀਲੇਕ ਹਸਪਤਾਲ ਸੈਕਟਰ 4, ਜਵਾਹਰ ਨਗਰ (ਜੈਪੁਰ) ਵਿੱਚ ਸਥਿਤ ਹੈ। ਸੀਕੇ ਬਿਰਲਾ ਹਸਪਤਾਲ ਗੋਪਾਲਪੁਰਾ ਮੋੜ (ਜੈਪੁਰ) ’ਤੇ ਤ੍ਰਿਵੇਣੀ ਫਲਾਈਓਵਰ ਦੇ ਨੇੜੇ ਸ਼ਾਂਤੀ ਨਗਰ ਵਿੱਚ ਹੈ।
ਏਟੀਐਸ ਅਤੇ ਬੰਬ ਨਿਰੋਧਕ ਦਸਤਾ ਹਸਪਤਾਲ ਪਹੁੰਚਿਆ
ਵਧੀਕ ਪੁਲਿਸ ਕਮਿਸ਼ਨਰ ਲਾਅ ਐਂਡ ਆਰਡਰ ਕੁੰਵਰ ਰਾਸ਼ਟਰਦੀਪ ਨੇ ਦੱਸਿਆ ਕਿ ਹਸਪਤਾਲਾਂ ਤੋਂ ਬੰਬ ਹੋਣ ਦੀ ਸੂਚਨਾ ਮਿਲੀ ਹੈ। ਬਾਅਦ ਵਿੱਚ ਏਟੀਐਸ ਅਤੇ ਬੰਬ ਨਿਰੋਧਕ ਦਸਤੇ ਦੇ ਅਧਿਕਾਰੀਆਂ ਨੂੰ ਭੇਜਿਆ ਗਿਆ। ਦੋਵਾਂ ਹਸਪਤਾਲਾਂ ਵਿੱਚ ਤਲਾਸ਼ੀ ਜਾਰੀ ਹੈ। ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਭੇਜਣ ਵਾਲੇ ਦੇ IP ਪਤੇ ਦੀ ਖੋਜ ਕੀਤੀ ਜਾ ਰਹੀ ਹੈ।
ਪਹਿਲਾਂ ਮੋਨੀਲੇਕ ਤੋਂ ਮਿਲੀ ਮੇਲ ਦੀ ਜਾਣਕਾਰੀ
ਸਭ ਤੋਂ ਪਹਿਲਾਂ ਸਵੇਰੇ 8.30 ਵਜੇ ਪੁਲਿਸ ਨੂੰ ਮੋਨੀਲੇਕ ਹਸਪਤਾਲ ਤੋਂ ਈਮੇਲ ਦੀ ਸੂਚਨਾ ਮਿਲੀ। ਕਰੀਬ 8.45 ’ਤੇ ਪੁਲਿਸ ਟੀਮ ਮੋਨੀਲੇਕ ਹਸਪਤਾਲ ਪਹੁੰਚੀ। ਏਟੀਐਸ, ਐਮਰਜੈਂਸੀ ਰਿਸਪਾਂਸ ਟੀਮ (ਈਆਰਟੀ) ਅਤੇ ਬੰਬ ਨਿਰੋਧਕ ਦਸਤੇ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ 9 ਵਜੇ ਸੀਕੇ ਬਿਰਲਾ ਤੋਂ ਵੀ ਸੂਚਨਾ ਮਿਲੀ। ਇਸ ਤੋਂ ਬਾਅਦ ਮੋਨੀਲੇਕ ਹਸਪਤਾਲ ਤੋਂ ਈਆਰਟੀ ਟੀਮ ਕਰੀਬ 10.30 ਵਜੇ ਸੀਕੇ ਬਿਰਲਾ ਹਸਪਤਾਲ ਪਹੁੰਚੀ। ਇੱਥੇ ਵੀ ਖੋਜ ਜਾਰੀ ਹੈ।