ਬਿਉਰੋ ਰਿਪੋਰਟ: ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪੁਲਿਸ ਨੇ 24 ਘੰਟਿਆਂ ਵਿੱਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕਰ ਲਈ ਹੈ। ਅੰਮ੍ਰਿਤਸਰ ਪੁਲਿਸ ਦੀ ਟੀਮ ਨੇ ਫ਼ਿਰੋਜ਼ਪੁਰ ਤੋਂ ਗੁਰਦੇਵ ਸਿੰਘ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਸ ਦੁਆਰਾ ਦੱਸੇ ਹੋਏ ਦੋ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਧਮਕੀ ਈਮੇਲ ਰਾਹੀਂ ਅੰਮ੍ਰਿਤਸਰ ਏਅਰਪੋਰਟ ਨੂੰ ਦਿੱਤੀ ਗਈ ਹੈ।
ਈਮੇਲ ਅੰਮ੍ਰਿਤਸਰ ਏਅਰਪੋਰਟ ਅਥਾਰਟੀ ਨੂੰ ਭੇਜੀ ਗਈ ਸੀ। ਈਮੇਲ ਵਿੱਚ ਮੁਲਜ਼ਮਾਂ ਨੇ ਹਵਾਈ ਅੱਡੇ ਵਿੱਚ ਵੱਖ-ਵੱਖ ਥਾਵਾਂ ’ਤੇ ਕੁੱਲ 6 ਬੰਬ ਰੱਖਣ ਦਾ ਦਾਅਵਾ ਕੀਤਾ ਸੀ। ਮੁਲਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ 1 ਕਰੋੜ ਰੁਪਏ ਦਿੱਤੇ ਜਾਣ, ਨਹੀਂ ਤਾਂ ਉਹ ਏਅਰਪੋਰਟ ਨੂੰ ਬੰਬ ਨਾਲ ਉਡਾ ਦੇਣਗੇ। ਈਮੇਲ ਵਿੱਚ ਦਿੱਤੀ ਗਈ ਜਾਣਕਾਰੀ ਅੰਮ੍ਰਿਤਸਰ ਪੁਲਿਸ ਨਾਲ ਸਾਂਝੀ ਕੀਤੀ ਗਈ, ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਦਾ ਸਾਈਬਰ ਵਿਭਾਗ ਸਰਗਰਮ ਹੋ ਗਿਆ।
IP ਐਡਰੈੱਸ ਰਾਹੀਂ ਫੜਿਆ ਗਿਆ ਮੁਲਜ਼ਮ
ਅੰਮ੍ਰਿਤਸਰ ਪੁਲਿਸ ਦੀ ਸਾਈਬਰ ਕ੍ਰਾਈਮ ਟੀਮ ਨੇ ਈਮੇਲ ਭੇਜਣ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕੀਤੀ। ਆਈਪੀ ਐਡਰੈੱਸ ਤੋਂ ਮੁਲਜ਼ਮ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਮੁਲਜ਼ਮ ਦੀ ਪਛਾਣ ਗੁਰਦੇਵ ਸਿੰਘ ਵਾਸੀ ਫ਼ਿਰੋਜ਼ਪੁਰ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਪੁਲਿਸ ਨੂੰ ਦੋ ਹੋਰ ਮੁਲਜ਼ਮਾਂ ਬਾਰੇ ਦੱਸਿਆ। ਪੁਲਿਸ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਗੁਰਦੇਵ ਨੂੰ ਹਿਰਾਸਤ ਵਿੱਚ ਲੈ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਅਦਾਲਤ ਨੇ ਮੁਲਜ਼ਮ ਗੁਰਦੇਵ ਨੂੰ ਤਿੰਨ ਦਿਨਾਂ ਲਈ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ – ਪਾਕਿਸਤਾਨ ਸਰਕਾਰ ਨੇ ਖਿਡਾਰੀਆਂ ਦਾ ਅਪਮਾਨ , ਕਿਹਾ ਸਨਮਾਨ ਸਮਾਰੋਹ ਦਾ ਸੱਦਾ, ਫਿਰ ਵਾਪਸ ਲਿਆ ਸੱਦਾ