‘ਦ ਖ਼ਾਲਸ ਬਿਊਰੋ: ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੇ ਸਪਿਨ ਜਮਾਤ ਮਸਜਿਦ ਦੇ ਇਕ ਮਦਰੱਸੇ ਵਿਚ ਬੰਬ ਧਮਾਕਾ ਹੋਇਆ ਹੈ। ਜਿਸ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 70 ਲੋਕ ਜ਼ਖਮੀ ਹੋਏ ਹਨ। ਅਜੇ ਤੱਕ ਕਿਸੇ ਵੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਸੀਨੀਅਰ ਪੁਲਿਸ ਅਧਿਕਾਰੀ ਵਕਰ ਅਜ਼ੀਮ ਨੇ ਦੱਸਿਆ ਕਿ ‘ਕੋਈ ਮਦਰਸੇ ਦੇ ਅੰਦਰ ਬੈਗ ਵਿੱਚ ਬੰਬ ਲੈ ਕੇ ਆਇਆ ਸੀ।’ ਪੁਲਿਸ ਮੁਤਾਬਿਕ ਮਰਨ ਵਾਲਿਆਂ ‘ਚ ਵਿਦਿਆਰਥੀ ਵੀ ਸ਼ਾਮਲ ਹਨ। ਹਮਲਾ ਉਸ ਵੇਲੇ ਹੋਇਆ ਜਦੋਂ ਮਦਰਸੇ ਵਿੱਚ ਕਲਾਸ ਚੱਲ ਰਹੀ ਸੀ। ਇਹ ਧਮਾਕਾ ਸਵੇਰੇ ਸਾਢੇ 8 ਵਜੇ ਹੋਇਆ। ਮਦਰਸੇ ਦੀ ਕਲਾਸ ‘ਚ ਉਸ ਵੇਲੇ ਕਰੀਬ 60 ਬੱਚੇ ਮੌਜੂਦ ਸਨ।
ਬੰਬ ਡਿਸਪੋਜ਼ਲ ਯੂਨਿਟ ਦੇ ਅਧਿਕਾਰੀ ਸ਼ਫਕਤ ਮਲਿਕ ਨੇ ਦੱਸਿਆ ਕਿ ਇਹ ਇਹ ਟਾਈਮ ਡਿਵਾਇਸ ਸੀ। ਉਨ੍ਹਾਂ ਕਿਹਾ, “ਪੂਰੀ ਘਟਨਾ ਦੀ ਬੜੇ ਸਹੀ ਤਰੀਕੇ ਨਾਲ ਯੋਜਨਾਬੰਦੀ ਕੀਤੀ ਗਈ ਸੀ। ਜਿਸ ਵੀ ਗਰੁੱਪ ਨੇ ਇਸ ਘਟਨਾ ਨੂੰ ਅੰਜਾਮ ਤੱਕ ਪਹੁੰਚਾਇਆ ਹੈ ਉਹ ਕਾਫ਼ੀ ਤਜਰਬੇਕਾਰ ਨਜ਼ਰ ਆਉਂਦੀ ਹੈ। ਅਸੀਂ ਸਬੂਤ ਜੁਟਾ ਰਹੇ ਹਾਂ ਅਤੇ ਜਲਦੀ ਹੀ ਹਮਲਾਵਰਾਂ ਨੂੰ ਬੇਨਕਾਬ ਕਰਾਂਗੇ”।