India Manoranjan

ਬਾਲੀਵੁੱਡ ਦੇ ਉਹ ਸਿਤਾਰੇ ਜੋ ਅੰਬਾਨੀਆਂ ਦੇ ਵਿਆਹ ਵਿੱਚ ਨਹੀਂ ਗਏ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਬਿਉਰੋ ਰਿਪੋਰਟ: ਅੰਬਾਨੀ ਪਰਿਵਾਰ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੇ ਸ਼ਾਨਦਾਰ ਸਮਾਗਮਾਂ ਵਿੱਚ ਦੇਸ਼-ਵਿਦੇਸ਼ ਦੀਆਂ ਕਈ ਉੱਘੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਸ਼ਾਨਦਾਰ ਵਿਆਹ ਵਿੱਚ ਮਨੋਰੰਜਨ ਜਗਤ ਦੇ ਕਈ ਸਿਤਾਰੇ ਵੀ ਨਜ਼ਰ ਆਏ। ਖ਼ਾਸ ਕਰਕੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਵਿਆਹ ਵਿੱਚ ਰੌਣਕਾਂ ਲਾਈਆਂ। ਪਰ ਕੁਝ ਸਿਤਾਰੇ ਅਜਿਹੇ ਵੀ ਸਨ ਜੋ ਵਿਆਹ ਵਿੱਚ ਸ਼ਾਮਲ ਨਹੀਂ ਹੋਏ। ਉਹ ਸਿਤਾਰੇ ਵੀ ਹਨ ਜਿਨ੍ਹਾਂ ਨੂੰ ਸੱਦਾ ਵੀ ਗਿਆ ਸੀ ਪਰ ਉਨ੍ਹਾਂ ਸੱਦਾ ਨਾਮਨਜ਼ੂਰ ਕੀਤਾ, ਇਨ੍ਹਾਂ ਵਿੱਚੋਂ ਇੱਕ ਹੈ ਅਦਾਕਾਰਾ ਤਾਪਸੀ ਪੰਨੂ।

ਅਦਾਕਾਰਾ ਤਾਪਸੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ਵਿੱਚ ਉਸ ਨੂੰ ਮੈਗਾ ਅੰਬਾਨੀ ਦੇ ਵਿਆਹ ਦਾ ਹਿੱਸਾ ਬਣਨ ਬਾਰੇ ਪੁੱਛਿਆ ਗਿਆ ਤਾਂ ਉਹ ਉੱਚੀ-ਉੱਚੀ ਹੱਸਣ ਲੱਗੀ। ਇਹ ਵੀਡੀਓ ਅੰਬਾਨੀ ਦੇ ਵਿਆਹ ਤੋਂ ਪਹਿਲਾਂ ਦਾ ਹੈ। ਇਸ ਦੌਰਾਨ ਤਾਪਸੀ ਨੇ ਦੱਸਿਆ ਕਿ ਉਹ ਇਸ ਵਿਆਹ ’ਚ ਸ਼ਾਮਲ ਕਿਉਂ ਨਹੀਂ ਹੋਈ। ਵੀਡੀਓ ਵਿੱਚ ਉਸ ਨੇ ਕਿਹਾ ਕਿ ਉਹ ਤਿਉਹਾਰ ਵਿੱਚ ਸ਼ਾਮਲ ਨਹੀਂ ਹੋਵੇਗੀ ਕਿਉਂਕਿ ਉਹ ਉਦੋਂ ਹੀ ਵਿਆਹਾਂ ਵਿੱਚ ਸ਼ਾਮਲ ਹੋਣਾ ਪਸੰਦ ਕਰਦੀ ਹੈ ਜਦੋਂ ਮੇਜ਼ਬਾਨ ਪਰਿਵਾਰ ਤੇ ਮਹਿਮਾਨਾਂ ਵਿੱਚਕਾਰ ਗੱਲਬਾਤ ਹੁੰਦੀ ਹੋਵੇ।

ਉਸ ਨੇ ਕਿਹਾ, “ਮੈਂ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਨਹੀਂ ਜਾਣਦੀ। ਮੈਨੂੰ ਲੱਗਦਾ ਹੈ ਕਿ ਵਿਆਹ ਬਹੁਤ ਨਿੱਜੀ ਮਾਮਲਾ ਹੈ। ਮੈਨੂੰ ਯਕੀਨ ਹੈ ਕਿ ਉਨ੍ਹਾਂ ਦੇ ਬਹੁਤ ਸਾਰੇ ਦੋਸਤ ਹਨ, ਪਰ ਮੈਂ ਅਜਿਹੇ ਵਿਆਹ ’ਤੇ ਜਾਣਾ ਪਸੰਦ ਕਰਦੀ ਹਾਂ ਜਿੱਥੇ ਪਰਿਵਾਰ ਅਤੇ ਮਹਿਮਾਨਾਂ ਵਿਚਕਾਰ ਘੱਟੋ-ਘੱਟ ਕਿਸੇ ਕਿਸਮ ਦੀ ਗੱਲਬਾਤ ਹੋਵੇ।”

 

View this post on Instagram

 

A post shared by Fever (@feverfmofficial)

ਤਾਪਸੀ ਤੋਂ ਇਲਾਵਾ ਕਈ ਹੋਰ ਬਾਲੀਵੁੱਡ ਸਿਤਾਰੇ ਹਨ ਜਿਨ੍ਹਾਂ ਨੇ ਵਿਆਹ ਵਿੱਚ ਸ਼ਿਰਕਤ ਨਹੀਂ ਕੀਤੀ। ਇਨ੍ਹਾਂ ਵਿੱਚ ਕਰੀਨਾ ਕਪੂਰ ਖ਼ਾਨ, ਕਰਿਸ਼ਮਾ ਕਪੂਰ, ਸੈਫ ਅਲੀ ਖ਼ਾਨ, ਕਾਰਤਿਕ ਆਰਿਅਨ, ਅਕਸ਼ੇ ਕੁਮਾਰ, ਕੰਗਨਾ ਰਣੌਤ ਆਦਿ ਸ਼ਾਮਲ ਹਨ। ਆਮਿਰ ਖ਼ਾਨ ਵੀ ਇਸ ਪੂਰੇ ਵਿਆਹ ਤੋਂ ਦੂਰ ਨਜ਼ਰ ਆਏ।

ਅਨੰਤ ਅਤੇ ਰਾਧਿਕਾ ਦਾ ਵਿਆਹ 12 ਜੁਲਾਈ ਨੂੰ ਹੋਇਆ ਸੀ। ਵਿਆਹ ’ਚ ਸ਼ਾਮਲ ਹੋਣ ਵਾਲਿਆਂ ’ਚ ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਅਮਿਤਾਭ ਬੱਚਨ, ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਰੇਖਾ, ਐਸ਼ਵਰਿਆ ਰਾਏ ਬੱਚਨ, ਕੈਟਰੀਨਾ ਕੈਫ, ਰਣਬੀਰ ਕਪੂਰ, ਆਲੀਆ ਭੱਟ ਆਦਿ ਸ਼ਾਮਲ ਸਨ। ਪ੍ਰਿਯੰਕਾ ਚੋਪੜਾ ਜੋਨਸ ਵੀ ਪਤੀ ਨਿਕ ਜੋਨਸ ਦੇ ਨਾਲ ਅਮਰੀਕਾ ਤੋਂ ਆਈ ਸੀ ਅਤੇ ਅੰਬਾਨੀ ਦੇ ਵਿਆਹ ਵਿੱਚ ਮਹਿਮਾਨ ਬਣੀ।

ਜ਼ਾਹਿਰ ਹੈ ਕਿ ਅੰਬਾਨੀ ਪਰਿਵਾਰ ਨੇ ਦੇਸ਼-ਦੁਨੀਆ ਤੋਂ ਜਿੰਨੇ ਵੀ ਮਹਿਮਾਨ ਬੁਲਾਏ ਸਨ, ਹੋ ਸਕਦਾ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਉਹ ਪਹਿਲਾਂ ਕਦੀ ਵੀ ਨਿੱਜੀ ਤੌਰ ’ਤੇ ਨਾ ਮਿਲੇ ਹੋਣ। ਪਰ ਸੱਦੇ ਗਏ ਮਹਿਮਾਨਾਂ ਵਿੱਚੋਂ ਕੁਝ ਨੂੰ ਛੱਡ ਬਹੁਤਿਆਂ ਨੇ ਸੱਦਾ ਮਨਜ਼ੂਰ ਕਰਦਿਆ ਵਿਆਹ ਵਿੱਚ ਹਾਜ਼ਰੀ ਭਰੀ ਤੇ ਬਰਾਤੀ ਬਣ ਕੇ ਢੋਲ ’ਤੇ ਭੰਗੜਾ ਵੀ ਪਾਇਆ। ਅਜਿਹੇ ਵਿੱਚ ਤਾਪਸੀ ਪੰਨੂ ਦਾ ਫੈਸਲਾ ਉਸ ਨੂੰ ਭੀੜ ਤੋਂ ਅਲੱਗ ਕਰਦਾ ਹੈ।