India

ਅਰਬ ਸਾਗਰ ‘ਚ ਡੁੱਬੀ ਕਿਸ਼ਤੀ, 13 ਲੋਕਾਂ ਦੀ ਮੌਤ, ਜਲ ਸੈਨਾ ਦੀ ਸਪੀਡ ਬੋਟ ਨੇ ਟੱਕਰ ਮਾਰੀ, ਦੇਖੋ Video …

ਮਹਾਰਾਸ਼ਟਰ ਦੇ ਮੁੰਬਈ ਤੱਟ ਨੇੜੇ ਬੁੱਧਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਅਰਬ ਸਾਗਰ ਵਿੱਚ ਐਲੀਫੈਂਟਾ ਟਾਪੂ ਨੇੜੇ ਇੱਕ ਸਪੀਡ ਬੋਟ ਨਾਲ ਟਕਰਾਉਣ ਤੋਂ ਬਾਅਦ ਇੱਕ ਕਿਸ਼ਤੀ ਪਲਟ ਗਈ। ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 10 ਨਾਗਰਿਕ ਅਤੇ 3 ਜਲ ਸੈਨਾ ਦੇ ਕਰਮਚਾਰੀ ਸ਼ਾਮਲ ਹਨ।

ਜਾਣਕਾਰੀ ਮੁਤਾਬਕ 80 ਲੋਕਾਂ ਦੀ ਸਮਰੱਥਾ ਵਾਲੀ ਨੀਲਕਮਲ ਕਿਸ਼ਤੀ ‘ਚ 20 ਬੱਚਿਆਂ ਸਮੇਤ 110 ਦੇ ਕਰੀਬ ਯਾਤਰੀ ਸਵਾਰ ਸਨ। ਇਨ੍ਹਾਂ ਵਿੱਚੋਂ 101 ਨੂੰ ਬਚਾ ਲਿਆ ਗਿਆ ਹੈ।

ਇਹ ਹਾਦਸਾ ਬੁੱਧਵਾਰ ਸ਼ਾਮ ਕਰੀਬ 3:55 ਵਜੇ ਉਰਨ ਨੇੜੇ ਵਾਪਰਿਆ। ਮੁੰਬਈ ਤੋਂ ਐਲੀਫੈਂਟਾ ਗੁਫਾਵਾਂ ਨੂੰ ਜਾਂਦੇ ਸਮੇਂ ਅਰਬ ਸਾਗਰ ‘ਚ ਬੁਚਰ ਆਈਲੈਂਡ ਨੇੜੇ ਜਲ ਸੈਨਾ ਦੀ ਗਸ਼ਤੀ ਸਪੀਡ ਬੋਟ ਨੇ ਕਿਸ਼ਤੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਿਸ਼ਤੀ ਪਾਣੀ ਨਾਲ ਭਰੀ ਅਤੇ ਡੁੱਬ ਗਈ।

ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ 8:25 ‘ਤੇ ਵਿਧਾਨ ਸਭਾ ਨੂੰ ਦੱਸਿਆ ਕਿ ਬਚਾਏ ਗਏ ਲੋਕਾਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ। ਸੂਬਾ ਸਰਕਾਰ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੇਵੇਗੀ। ਪੁਲਿਸ ਅਤੇ ਜਲ ਸੈਨਾ ਮਿਲ ਕੇ ਹਾਦਸੇ ਦੀ ਜਾਂਚ ਕਰੇਗੀ।

ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਇਹ ਸਪੀਡ ਬੋਟ ਤੇਜ਼ੀ ਨਾਲ ਜਾ ਰਹੀ ਹੈ। ਕਿਸ਼ਤੀ ‘ਤੇ ਸਵਾਰ ਲੋਕ ਇਸ ਦੀ ਵੀਡੀਓ ਬਣਾ ਰਹੇ ਹਨ। ਫਿਰ ਸਪੀਡ ਬੋਟ ਸਿੱਧੀ ਆਉਂਦੀ ਹੈ ਅਤੇ ਉਸੇ ਬੇੜੀ ਨਾਲ ਟਕਰਾ ਜਾਂਦੀ ਹੈ।

ਕਿਸ ਦੀ ਸੀ ਉਹ ਸਪੀਡ ਬੋਟ ?
ਇਸ ਘਟਨਾ ਤੋਂ ਬਾਅਦ ਸਵਾਲ ਉੱਠ ਰਹੇ ਹਨ ਕਿ ਇਹ ਸਪੀਡ ਬੋਟ ਕਿਸਦੀ ਸੀ, ਜਿਸ ਕਾਰਨ ਇੰਨਾ ਵੱਡਾ ਹਾਦਸਾ ਵਾਪਰਿਆ। ਇਸ ਘਟਨਾ ਬਾਰੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵਿਧਾਨ ਸਭਾ ‘ਚ ਦੱਸਿਆ ਕਿ ‘ਸਪੀਡ ਬੋਟ ਕੰਟਰੋਲ ਗੁਆ ਬੈਠੀ ਅਤੇ ਕਿਸ਼ਤੀ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਸਪੀਡ ਬੋਟ ਨੇਵੀ ਜਾਂ ਕੋਸਟ ਗਾਰਡ ਦੀ ਹੈ। ਇਸ ਦੇ ਨਾਲ ਹੀ ਫੜਨਵੀਸ ਨੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਮ੍ਰਿਤਕਾਂ ਲਈ 5 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦਾ ਐਲਾਨ ਵੀ ਕੀਤਾ ਹੈ।