Punjab Technology

ਮੰਡੀ ਗੋਬਿੰਦਗੜ੍ਹ ਨੂੰ ਮਿਲੇਗੀ ਵੱਡੀ ਸੁਗਾਤ! ਸੈਂਕੜੇ ਕਰੋੜ ਦਾ ਹੋਵੇਗਾ ਨਿਵੇਸ਼, ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ

ਬਿਉਰੋ ਰਿਪੋਰਟ: ਪੰਦਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਸੋਸ਼ਲ ਮੀਡੀਆ ਤੋਂ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ ਹੈ ਜਿੱਥੇ ਸੈਂਕੜੇ ਕਰੋੜ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ। ਅਗਲੇ ਮਹੀਨੇ ਤੋਂ ਹੀ ਇਸ ਦੀ ਸ਼ੁਰੂਆਤ ਹੋਵੇਗੀ।

ਮਾਡਰਨ ਆਟੋਮੋਟਿਵ ਲਿਮਟਡ ਦੇ ਵਫ਼ਦ ਦੇ ਨੁਮਾਇੰਦਿਆਂ ਅਦਿੱਤਿਆ ਗੋਇਲ, ਸੁਹੇਲ ਗੋਇਲ ਅਤੇ ਮਨੀਸ਼ ਬੱਗਾ ਨੇ ਅੱਜ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਮਾਡਰਨ ਆਟੋਮੋਟਿਵ ਦੇਸ਼ ਦੀ ਪਹਿਲੀ ਕੰਪਨੀ ਹੈ ਜਿਸ ਨੂੰ ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀ.ਐਮ.ਡਬਲਿਊ. ਏ.ਜੀ. ਮਿਊਨਿਖ ਵੱਲੋਂ ਪਿਨੀਓਨ ਸ਼ਾਫਟਾਂ ਡਲਿਵਰ ਕਰਨ ਲਈ ਪ੍ਰਵਾਨਗੀ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ 150 ਕਰੋੜ ਰੁਪਏ ਦੀ ਕੀਮਤ ਵਾਲੇ 25 ਲੱਖ ਯੂਨਿਟਾਂ ਲਈ ਆਰਡਰ ਦੀ ਪੁਸ਼ਟੀ ਹੋ ਗਈ ਹੈ। ਵਿਕਾਸ ਅਤੇ ਟੈਸਟਿੰਗ ਲਈ ਸੈਂਕੜੇ ਕਰੋੜ ਰੁਪਏ ਦੇ ਨਿਵੇਸ਼ ਵਾਲੇ ਮਾਡਲਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਹ ਸਾਰਾ ਕੁੱਝ ਇਕ ਹੀ ਜਗ੍ਹਾ ਹੋਵੇਗਾ, ਜਿਸ ਨਾਲ ਵਾਧੂ ਉਤਪਾਦਨ ਇਕਾਈਆਂ ਜੋੜੀਆਂ ਜਾਣਗੀਆਂ, ਇਸ ਨਾਲ ਹੋਰ ਮਾਲੀਆ ਆਉਣ ਦੇ ਨਾਲ-ਨਾਲ ਰੋਜ਼ਗਾਰ ਦੇ ਜ਼ਿਆਦਾ ਮੌਕੇ ਪੈਦਾ ਹੋਣਗੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਾਡਰਨ ਆਟੋਮੋਟਿਵਜ਼ ਲਿਮਟਡ ਨੂੰ ਸੂਬੇ ਵਿੱਚ ਆਪਣੇ ਪ੍ਰਾਜੈਕਟ ਦਾ ਵਿਸਥਾਰ ਕਰਨ ਅਤੇ ਲਗਜ਼ਰੀ ਕਾਰਾਂ ਬਣਾਉਣ ਵਾਲੀ ਨਾਮੀ ਕੰਪਨੀ ਬੀ.ਐਮ.ਡਬਲਿਊ. ਦੇ ਅਹਿਮ ਪਾਰਟਸ ਬਣਾਉਣ ਵਿੱਚ ਪੂਰਨ ਸਹਿਯੋਗ ਤੇ ਮਦਦ ਦਾ ਭਰੋਸਾ ਦਿੱਤਾ ਹੈ।

ਨਿਵੇਸ਼ ਕੰਪਨੀ ਨੂੰ ਭਵਿੱਖ ਦੇ ਉੱਦਮਾਂ ਲਈ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਅਗਲੇ ਮਹੀਨੇ ਪਲਾਂਟ ਦਾ ਨੀਂਹ ਪੱਥਰ ਰੱਖਣ ਲਈ ਵਫ਼ਦ ਦੇ ਸੱਦੇ ਨੂੰ ਸਵੀਕਾਰ ਕਰ ਲਿਆ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਅਤੇ ਤਸੱਲੀ ਵਾਲੀ ਗੱਲ ਹੈ ਕਿ ਮੋਹਰੀ ਆਟੋਮੋਟਿਵ ਦਿੱਗਜ਼ ਬੀ.ਐਮ.ਡਬਲਿਊ. ਦੇ ਪਾਰਟਸ ਹੁਣ ਸੂਬੇ ਵਿੱਚ ਤਿਆਰ ਕੀਤੇ ਜਾਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕਦਮ ਪੰਜਾਬ ਨੂੰ ਅੰਤਰਰਾਸ਼ਟਰੀ ਨਕਸ਼ੇ ‘ਤੇ ਉਜਾਗਰ ਕਰਨ ਦੇ ਨਾਲ-ਨਾਲ ਸੂਬੇ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵੇਗਾ।

ਸੀਐਮ ਮਾਨ ਨੇ ਆਪਣੀ ਪੋਸਟ ਵਿੱਚ ਲਿਖਿਆ, “ਅੱਜ ਨਾਮੀ ਕੰਪਨੀ BMW ਗੱਡੀਆਂ ਦੇ ਪਾਰਟਸ ਬਣਾਉਣ ਦੇ ਨਿਵੇਸ਼ ਨੂੰ ਲੈਕੇ ਅਫ਼ਸਰਾਂ ਨਾਲ ਮੁਲਾਕਾਤ ਹੋਈ ਤੇ ਪੰਜਾਬ ‘ਚ ਨਿਵੇਸ਼ ਨੂੰ ਲੈਕੇ ਵਿਸਥਾਰ ਸਹਿਤ ਚਰਚਾ ਹੋਈ…ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿGabindgarhਖੇ BMW ਦੇ ਪਾਰਟਸ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ…ਜਿੱਥੇ ਸੈਂਕੜੇ ਕਰੋੜ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ…ਮੈਂ ਅਗਲੇ ਮਹੀਨੇ ਇਸਦੀ ਸ਼ੁਰੂਆਤ ਕਰਨ ਜਾਵਾਂਗਾ… ਪੰਜਾਬ ਦੀ ਨਿਵੇਸ਼ ਪੱਖੀ ਨੀਤੀਆਂ ਦੀ ਇਹਨਾਂ ਨੇ ਸ਼ਲਾਘਾ ਕੀਤੀ…ਅਸੀਂ ਆਪਣੇ ਰੰਗਲੇ ਪੰਜਾਬ ਦੇ ਮਿਸ਼ਨ ਵੱਲ ਲਗਾਤਾਰ ਵਧ ਰਹੇ ਹਾਂ…”