Punjab

ਬਿਜਲੀ ਸਪਲਾਈ ਠੀਕ ਕਰਵਾਉਣ ਨੂੰ ਲੈ ਕੇ ਖ਼ੂਨੀ ਝੜਪ, ਤਿੰਨ ਬੰਦਿਆਂ ਨੂੰ ਮਾਰੀ ਗੋਲੀ

ਮੁਹਾਲੀ : ਬਿਜਲੀ ਠੱਪ ਹੋਣ ਹੋਣ ਉਤੇ ਸਪਲਾਈ ਬਹਾਲ ਕਰਵਾਉਣ ਨੂੰ ਲੈ ਕੇ ਦੋ ਧਿਰਾਂ ਵਿੱਚ ਖ਼ੂਨੀ ਝੜਪ ਹੋ ਗਈ। ਦਰਅਸਲ ਵਿੱਚ ਬਿਜਲੀ ਸਪਲਾਈ ਬਹਾਲ ਕਰਵਾਉਣ ਗਏ ਤਿੰਨ ਵਿਅਕਤੀਆਂ ਉਤੇ ਦੂਜੀ ਧਿਰ ਨੇ ਫਾਇਰਿੰਗ ਕਰ ਦਿੱਤੀ ਗਈ। ਜ਼ਖ਼ਮੀਆਂ ਦੀ ਪਛਾਣ ਹਰਵਿੰਦਰ, ਲਖਬੀਰ ਸਿੰਘ ਅਤੇ ਸਤਨਾਮ ਸਿੰਘ ਵਜੋਂ ਹੋਈ ਹੈ। ਜਿਨ੍ਹਾ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੂਚਨਾ ਮਿਲਣ ਉਤੇ ਪੁਲਿਸ ਨੇ ਘਟਨਾ ਸਥਾਨ ਉਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਕੈਰੋਂ ਵਿੱਚ ਬਿਜਲੀ ਕੱਟ ਨੂੰ ਲੈ ਕੇ ਦੋ ਧੜਿਆਂ ਵਿੱਚ ਲੜਾਈ ਹੋ ਗਈ। ਇਸ ਲੜਾਈ ਵਿੱਚ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਇੱਕ ਗਰੁੱਪ ਵੱਲੋਂ 5 ਤੋਂ 6 ਰਾਊਂਡ ਫਾਇਰਿੰਗ ਕੀਤੀ ਗਈ।

ਜਾਣਕਾਰੀ ਅਨੁਸਾਰ ਗੋਲੀਬਾਰੀ ਪਰਮਿੰਦਰ ਸਿੰਘ ਅਤੇ ਜੰਗ ਬਹਾਦਰ ਵੱਲੋਂ ਕੀਤੀ ਗਈ ਸੀ। ਦੋਵੇਂ ਅਜੇ ਪਿੰਡ ਤੋਂ ਫਰਾਰ ਹਨ। ਇਸ ਮਾਮਲੇ ਵਿੱਚ ਲਖਬੀਰ ਸਿੰਘ, ਸਤਨਾਮ ਸਿੰਘ ਅਤੇ ਹਰਵਿੰਦਰ ਸਿੰਘ ਜ਼ਖ਼ਮੀ ਹਨ।

ਪਿੰਡ ਵਾਸੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਖਬੀਰ ਸਿੰਘ ਦੇਰ ਰਾਤ ਬਿਜਲੀ ਖਰਾਬ ਹੋਣ ਕਾਰਨ ਟਰਾਂਸਫਾਰਮਰ ਨੂੰ ਚੈੱਕ ਕਰਨ ਲਈ ਪਹੁੰਚਿਆ ਸੀ। ਉਸ ਦੀ ਪਰਵਿੰਦਰ ਅਤੇ ਜੰਗ ਬਹਾਦਰ ਨਾਲ ਬਹਿਸ ਹੋ ਗਈ। ਪਰਮਿੰਦਰ ਸਿੰਘ ਨੇ ਲਖਬੀਰ ‘ਤੇ ਗੋਲੀਆਂ ਚਲਾ ਦਿੱਤੀਆਂ। ਜਦੋਂ ਸਤਨਾਮ ਸਿੰਘ ਅਤੇ ਹਰਵਿੰਦਰ ਸਿੰਘ ਉਸ ਨੂੰ ਬਚਾਉਣ ਲਈ ਪੁੱਜੇ ਤਾਂ ਪਰਮਿੰਦਰ ਸਿੰਘ ਨੇ ਦੋਵਾਂ ’ਤੇ ਵੀ ਗੋਲੀਆਂ ਚਲਾ ਦਿੱਤੀਆਂ। ਗੋਲੀ ਇਨ੍ਹਾਂ ਲੋਕਾਂ ਦੇ ਪੇਟ ਵਿੱਚ ਲੱਗੀ। ਫਿਲਹਾਲ ਹਸਪਤਾਲ ‘ਚ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।