Punjab

ਫ਼ਤਿਹਗੜ੍ਹ ਸਾਹਿਬ ਦੀ ਸਰਹਿੰਦ ਰੇਲਵੇ ਲਾਈਨ ’ਤੇ ਹੋਇਆ ਧਮਾਕਾ

ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਅਧੀਨ ਆਉਂਦੇ ਸਰਹਿੰਦ ਵਿੱਚ ਰੇਲਵੇ ਲਾਈਨ ’ਤੇ ਇੱਕ ਵੱਡਾ ਧਮਾਕਾ ਹੋਇਆ ਹੈ। ਇਹ ਘਟਨਾ ਗਣਤੰਤਰ ਦਿਵਸ (26 ਜਨਵਰੀ) ਤੋਂ ਸਿਰਫ਼ 48 ਘੰਟੇ ਪਹਿਲਾਂ ਵਾਪਰੀ, ਜਦੋਂ ਸ਼ੁੱਕਰਵਾਰ ਰਾਤ ਕਰੀਬ 11 ਵਜੇ ਇੱਕ ਮਾਲ ਗੱਡੀ ਨਵੀਂ ਬਣਾਈ ਗਈ ਰੇਲਵੇ ਲਾਈਨ ’ਤੇ ਲੰਘ ਰਹੀ ਸੀ। ਖਾਨਪੁਰ ਫਾਟਕਾਂ ਦੇ ਨੇੜੇ ਪਹੁੰਚਦਿਆਂ ਹੀ ਸ਼ਕਤੀਸ਼ਾਲੀ ਧਮਾਕਾ ਹੋਇਆ, ਜਿਸ ਨਾਲ ਮਾਲ ਗੱਡੀ ਦਾ ਇੰਜਣ ਭਾਰੀ ਨੁਕਸਾਨ ਝੱਲ ਗਿਆ ਅਤੇ ਡਰਾਈਵਰ ਜ਼ਖ਼ਮੀ ਹੋ ਗਿਆ।

ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਰੇਲਵੇ ਟਰੈਕ ਦਾ ਲਗਭਗ 3-4 ਫੁੱਟ ਹਿੱਸਾ ਉੱਡ ਗਿਆ। ਸੂਤਰਾਂ ਅਨੁਸਾਰ ਧਮਾਕੇ ਵਿੱਚ ਆਰਡੀਐਕਸ (RDX) ਵਰਗੇ ਵਿਸਫੋਟਕ ਪਦਾਰਥ ਦੀ ਵਰਤੋਂ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਧਮਾਕੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਗਿਆ। ਜ਼ਖ਼ਮੀ ਡਰਾਈਵਰ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਅਤੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।

ਰੇਲਵੇ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਧਮਾਕੇ ਦੀ ਪੁਸ਼ਟੀ ਤਾਂ ਕਰ ਰਹੇ ਹਨ ਪਰ ਇਸ ਦੇ ਸਰੋਤ ਜਾਂ ਵਿਅਕਤੀਆਂ ਬਾਰੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਗਈ। ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਘਟਨਾ ਗਣਤੰਤਰ ਦਿਵਸ ਦੇ ਮੌਕੇ ’ਤੇ ਸੁਰੱਖਿਆ ਦੇ ਮੱਦੇਨਜ਼ਰ ਚਿੰਤਾ ਵਧਾ ਰਹੀ ਹੈ ਅਤੇ ਰੇਲ ਸੇਵਾਵਾਂ ’ਤੇ ਅਸਰ ਪੈ ਸਕਦਾ ਹੈ। ਅਜੇ ਤੱਕ ਕਿਸੇ ਵੀ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਜਾਂਚ ਜਾਰੀ ਹੈ।

ਰਾਜਾ ਵਰਿੰਗ ਨੇ ਚੁੱਕੇ ਸਵਾਲ

ਇਸ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਰੇਲਵੇ ਪਟੜੀਆਂ ਦੇ ਨੇੜੇ ਆਰਡੀਐਕਸ, ਜਨਤਕ ਥਾਵਾਂ ‘ਤੇ ਧਮਾਕੇ – ਇਹ ਕੋਈ ਬੇਤਰਤੀਬ ਅਪਰਾਧ ਨਹੀਂ ਹੈ। ਇਹ ਪੰਜਾਬ ਨੂੰ ਅਸਥਿਰ ਕਰਨ ਅਤੇ ਡਰ ਫੈਲਾਉਣ ਦੀਆਂ ਜਾਣਬੁੱਝ ਕੇ ਕੀਤੀਆਂ ਕੋਸ਼ਿਸ਼ਾਂ ਹਨ। ਅਸਲ ਸਵਾਲ: ਹਫੜਾ-ਦਫੜੀ ਤੋਂ ਕਿਸਨੂੰ ਫਾਇਦਾ ਹੁੰਦਾ ਹੈ, ਅਤੇ ਰਾਜ ਇਸਨੂੰ ਰੋਕਣ ਵਿੱਚ ਕਿਉਂ ਅਸਫਲ ਰਿਹਾ ਹੈ?