ਮੰਗਲਵਾਰ ਰਾਤ ਨੂੰ ਪਾਕਿਸਤਾਨ ਦੇ ਕਵੇਟਾ ਵਿੱਚ ਬਲੋਚ ਨੈਸ਼ਨਲ ਪਾਰਟੀ (ਬੀਐਨਪੀ) ਦੀ ਰੈਲੀ ਤੋਂ ਬਾਅਦ ਸ਼ਾਹਵਾਨੀ ਸਟੇਡੀਅਮ ਦੀ ਪਾਰਕਿੰਗ ਵਿੱਚ ਆਤਮਘਾਤੀ ਬੰਬ ਧਮਾਕੇ ਵਿੱਚ 14 ਲੋਕ ਮਾਰੇ ਗਏ ਅਤੇ 30 ਤੋਂ ਵੱਧ ਜ਼ਖਮੀ ਹੋਏ। ਜ਼ਖਮੀਆਂ ਵਿੱਚ ਸਾਬਕਾ ਸੰਸਦ ਮੈਂਬਰ ਅਹਿਮਦ ਨਵਾਜ਼ ਅਤੇ ਪਾਰਟੀ ਨੇਤਾ ਮੂਸਾ ਬਲੋਚ ਸ਼ਾਮਲ ਹਨ। ਰੈਲੀ ਸਰਦਾਰ ਅਤਾਉੱਲਾ ਮੈਂਗਲ ਦੀ ਚੌਥੀ ਬਰਸੀ ਮੌਕੇ ਕੱਢੀ ਗਈ ਸੀ।
ਚਸ਼ਮਦੀਦਾਂ ਮੁਤਾਬਕ, ਹਮਲਾਵਰ 35-40 ਸਾਲ ਦਾ ਦਾੜ੍ਹੀ ਰਹਿਤ ਵਿਅਕਤੀ ਸੀ, ਜਿਸ ਕੋਲ 8 ਕਿਲੋ ਬਾਲ ਬੇਅਰਿੰਗਾਂ ਨਾਲ ਭਰੇ ਵਿਸਫੋਟਕ ਸਨ। ਅਧਿਕਾਰੀਆਂ ਅਨੁਸਾਰ, ਹਮਲਾਵਰ ਸਰਦਾਰ ਅਖਤਰ ਮੈਂਗਲ ਦੇ ਜਾਣ ਦੀ ਉਡੀਕ ਕਰ ਰਿਹਾ ਸੀ, ਪਰ ਮੈਂਗਲ ਸੁਰੱਖਿਅਤ ਬਚ ਗਏ। ਇਸ ਹਮਲੇ ਦੀ ਅਜੇ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ। ਮਾਰਚ 2025 ਵਿੱਚ ਮਸਤੁੰਗ ਦੇ ਲਕਪਾਸ ਵਿੱਚ ਵੀ ਅਜਿਹਾ ਹਮਲਾ ਹੋਇਆ ਸੀ, ਜਿੱਥੇ ਸੁਰੱਖਿਆ ਗਾਰਡਾਂ ਨੇ ਹਮਲਾਵਰ ਨੂੰ ਰੋਕਿਆ, ਜਿਸ ਕਾਰਨ ਉਸ ਨੇ ਦੂਰ ਹੀ ਆਪਣੇ ਆਪ ਨੂੰ ਉਡਾ ਲਿਆ ਸੀ।
ਸੁਰੱਖਿਆ ਬਲਾਂ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਬਲੋਚਿਸਤਾਨ ਦੇ ਮੁੱਖ ਮੰਤਰੀ ਮੀਰ ਸਰਫਰਾਜ਼ ਬੁਗਤੀ ਨੇ ਹਮਲੇ ਦੀ ਨਿੰਦਾ ਕਰਦਿਆਂ ਜਾਂਚ ਦੇ ਹੁਕਮ ਦਿੱਤੇ ਹਨ।