‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਤਾਪਮਾਨ ਦੇ ਵਧਣ ਦੇ ਨਾਲ ਨਾਲ ਬਿਜਲੀ ਸੰਕਟ ਵੀ ਪੈਦਾ ਹੋ ਰਿਹਾ ਹੈ। ਸਰਕਾਰ ਵੱਲੋਂ ਬਿਜਲੀ ਦੀ ਕੋਈ ਕਮੀ ਨਾ ਆਉਣ ਦੇਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਕੁੱਝ ਹੋਰ ਬਿਆਨ ਕਰ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਮਾਨਸਾ ਦੇ ਕਈ ਘਰਾਂ ਅਤੇ ਖੇਤੀ ਮੋਟਰਾਂ ਵਿੱਚ ਬਿਜਲੀ ਪੂਰਾ ਸਮਾਂ ਨਾ ਆਉਣ ਦੇ ਖਿਲਾਫ਼ ਸਰਕਾਰ ਅਤੇ ਬਿਜਲੀ ਵਿਭਾਗ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਹੈ। ਯੂਨੀਅਨ ਨੇ ਅੱਜ ਜੋਗਾ ਬਿਜਲੀ ਗ੍ਰੇਡ ਦੇ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜੀ ਕੀਤੀ ਅਤੇ ਘਰਾਂ ਵਿੱਚ ਨਿਰਵਿਘਨ ਬਿਜਲੀ ਦੀ ਮੰਗ ਕੀਤੀ। ਕਿਸਾਨਾਂ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਤਾਂ ਕਿਸਾਨਾਂ ਨੂੰ ਰਵਾਇਤੀ ਫਸਲਾਂ ਨੂੰ ਛੱਡ ਕੇ ਦੂਜੀਆਂ ਫਸਲਾਂ ਦੀ ਬਿਜਾਈ ਦਾ ਗੱਲ ਕਰ ਰਹੀ ਹੈ ਪਰ ਖੇਤੀ ਮੋਟਰਾਂ ਉੱਤੇ ਬਿਜਲੀ ਨਾ ਆਉਣ ਕਰਕੇ ਉਹ ਮੱਕੀ, ਮੂੰਗ ਅਤੇ ਹੋਰ ਕਈ ਫਸਲਾਂ ਦੀ ਬਿਜਾਈ ਕਰਨ ਦੇ ਲਈ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ।
ਕਿਸਾਨਾਂ ਨੇ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਰਕਾਰ ਬਿਆਨਬਾਜੀ ਛੱਡ ਕੇ ਜ਼ਮੀਨੀ ਪੱਧਰ ਉੱਤੇ ਧਿਆਨ ਦੇਵੇ ਅਤੇ ਬਿਜਲੀ ਦੀ ਪੂਰੀ ਸਪਲਾਈ ਦੇਵੇ। ਕਿਸਾਨਾਂ ਨੇ ਕਿਹਾ ਕਿ ਜੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਸੜਕਾਂ ਉੱਤੇ ਜਾਮ ਲਗਾ ਕੇ ਸਰਕਾਰ ਦੇ ਖਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ।