Punjab

BKU ਸਿੱਧੂਪੁਰਾ ਦੇ ਜਨਰਲ ਸਕੱਤਰ ਵੱਲੋਂ ਲੁਧਿਆਣਾ ਕਮਿਸ਼ਨ ਦੇ ਦਫ਼ਤਰ ਬਾਹਰ ਮਰਨ ਵਰਤ ! ਸੁਖਵਿੰਦਰ ਲਈ ਇਨਸਾਫ ਦੀ ਮੰਗ !

ਬਿਉਰੋ ਰਿਪੋਰਟ : BKU ਸਿੱਧੂਪੁਰਾ ਦੇ ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਤੇ ਪੀੜਥ ਦਿਲਵਾਰ ਸਿੰਘ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫਤਰ ਦੇ ਅੱਗੇ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ ।ਭੂ ਮਾਫੀਆ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਸੁਖਵਿੰਦਰ ਸਿੰਘ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ BKU ਸਿੱਧੂਪੁਰਾ ਨੇ ਇਹ ਫੈਸਲਾ ਲਿਆ ਹੈ।

ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਭੂ ਮਾਫੀਆ ਦੀ ਰਾਜਸੀ ਲੋਕਾਂ ਨਾਲ ਸਾਂਝ ਅਤੇ ਪੁਲਿਸ ਪ੍ਰਸ਼ਾਸਨ ਉੱਤੇ ਰਾਜਸੀ ਲੋਕਾਂ ਕਾਰਨ ਮਾਫੀਆ ਦੇ ਪ੍ਰਭਾਵ ਦਾ ਪਤਾ ਇਸ ਗੱਲ ਤੋਂ ਹੀ ਸਹਿਜੇ ਲਗਾਇਆ ਜਾ ਸਕਦਾ ਹੈ ਕਿ ਸੁਖਵਿੰਦਰ ਸਿੰਘ ਦੀ ਲਾਸ਼ 11 ਅਗਸਤ ਦੀ ਲੁਧਿਆਣਾ ਦੇ ਡੀ.ਐਮ.ਸੀ ਦੀ ਮੋਰਚਰੀ ਵਿੱਚ ਵਿੱਚ ਪਈ ਹੈ । ਇਕਰਾਰਨਾਮੇ ਦੀਆਂ ਤਰੀਕਾਂ ਵਿੱਚ ਹੋਈ ਛੇੜਛਾੜ ਬਾਰੇ ਵੀ ਸਪੱਸ਼ਟ ਹੋ ਚੁੱਕਾ ਹੈ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਾਰੇ ਪੰਜਾਬ ਦੇ ਲੋਕਾਂ ਵੱਲੋਂ ਆਵਾਜ ਚੁੱਕੀ ਜਾ ਰਹੀ ਹੈ ਪਰ ਉਸ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਦੋਸ਼ੀਆਂ ਨੂੰ ਬਚਾਉਣ ਲਈ ਹੀ ਕੰਮ ਕੀਤਾ ਜਾ ਰਿਹਾ ਹੈ । ਡੱਲੇਵਾਲ ਨੇ ਕਿਹਾ ਇਸੇ ਲਈ ਜਦੋਂ ਇਨਸਾਫ ਲਈ ਸਾਰੇ ਰਸਤੇ ਸਰਕਾਰ ਵੱਲੋਂ ਭੂ ਮਾਫੀਆ ਦੀ ਮਦਦ ਲਈ ਬੰਦ ਕੀਤੇ ਜਾਂ ਰਹੇ ਹਨ ਤਾਂ ਫਿਰ ਸਾਡੇ ਕੋਲ ਅਤੇ ਪਰਿਵਾਰ ਕੋਲ ਮਰਨ ਤੋਂ ਸਿਵਾਏ ਕੋਈ ਰਸਤਾ ਨਹੀਂ ਬਚਦਾ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਇਸੇ ਲਈ 30 ਅਗਸਤ ਨੂੰ ਸਰਦਾਰ ਕਾਕਾ ਸਿੰਘ ਕੋਟੜਾ ਸੂਬਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਮ੍ਰਿਤਕ ਸੁਖਵਿੰਦਰ ਸਿੰਘ ਦੇ ਭਰਾ ਦਿਲਦਾਰ ਸਿੰਘ ਵੱਲੋ ਕਮਿਸ਼ਨ ਲੁਧਿਆਣਾ ਦੇ ਦਫ਼ਤਰ ਅੱਗੇ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਅਤੇ ਜੇਕਰ ਇੰਨਾ ਆਗੂਆਂ ਵਿੱਚੋਂ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਹੋਇਆ ਤਾਂ ਉਸ ਨੁਕਸਾਨ ਦੀ ਜਿੰਮੇਵਾਰੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਅਤੇ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਉਸ ਸਮੇਂ ਤੱਕ ਇਹ ਮਰਨ ਵਰਤ ਜਾਰੀ ਰਹੇਗਾ ਅਤੇ ਹੁਣ ਇਹ ਸਰਕਾਰ ਨੇ ਦੇਖਣਾ ਹੈ ਕਿ ਉਸ ਨੇ ਇਨਸਾਫ ਦੇਣਾ ਹੈ ਜਾਂ ਕੀਮਤੀ ਜਾਨਾਂ ਲੈਣੀਆਂ ਹਨ। ਜਗਜੀਤ ਸਿੰਘ ਡੱਲੇਵਾਲ ਵੱਲੋਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਹਰ ਇੱਕ ਇਨਸਾਨ ਨੂੰ ਸੋਸ਼ਲ ਮੀਡੀਆ ਰਾਹੀਂ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਚੱਲ ਰਹੇ ਮੋਰਚੇ ਵਿੱਚ ਪਹੁੰਚ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਹਾ ਦਾ ਨਾਅਰਾ ਮਾਰਨ ਦੀ ਅਪੀਲ ਕੀਤੀ ਗਈ ਤਾਂ ਜੋ ਇਸ ਦੁਖੀ ਪਰਿਵਾਰ ਨੂੰ ਇਨਸਾਫ ਦਬਾਇਆ ਜਾ ਸਕੇ ਅਤੇ ਇਸ ਭੂ ਮਾਫੀਆ ਤੋਂ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਨੂੰ ਬਚਾਇਆ ਜਾ ਸਕੇ।