Punjab

ਬੀਜੇਪੀ ਦਾ ਮਲੋਟ ‘ਚ ਬੰਦ ਬੇਅਸਰ, ਮੈਦਾਨ ‘ਚ ਆ ਗਏ ਕਿਸਾਨ ਅਤੇ ਦੁਕਾਨਦਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮਲੋਟ ਵਿੱਚ ਭਾਜਪਾ ਦੇ ਵਰਕਰਾਂ ਨੇ ਮਲੋਟ ਵਿੱਚ ਬੀਜੇਪੀ ਲੀਡਰ ਅਰੁਣ ਨਾਰੰਗ ਦੀ ਕਿਸਾਨਾਂ ਵੱਲੋਂ ਕੀਤੀ ਗਈ ਕੁੱਟਮਾਰ ਦੇ ਖਿਲਾਫ ਬਾਜ਼ਾਰ ਬੰਦ ਕਰਵਾ ਦਿੱਤੇ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ। ਹਾਲਾਂਕਿ, ਬੀਜੇਪੀ ਦੇ ਵਿਰੋਧ ਦਾ ਕੋਈ ਖ਼ਾਸ ਅਸਰ ਵੇਖਣ ਨੂੰ ਨਹੀਂ ਮਿਲਿਆ, ਬਲਕਿ ਸਥਾਨਕ ਦੁਕਾਨਦਾਰਾਂ ਨੇ ਬੀਜੇਪੀ ਵਰਕਰਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਦੁਕਾਨਾਦਾਰਾਂ ਨੇ ਕਿਹਾ ਕਿ ਅਸੀਂ ਆਪਣੀਆਂ ਦੁਕਾਨਾਂ ਬੰਦ ਕਿਉਂ ਕਰੀਏ। ਭਾਜਪਾ ਨੇ ਵੱਡੀ ਗਿਣਤੀ ਵਿੱਚ ਦੁਕਾਨਾਂ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ। ਬੀਜੇਪੀ ਵਰਕਰਾਂ ਵੱਲੋਂ ਪੂਰਾ ਸ਼ਹਿਰ ਬੰਦ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ।

ਕਿਸਾਨਾਂ ਨੇ ਵੀ ਭਾਜਪਾ ਵਰਕਰਾਂ ਦਾ ਕੀਤਾ ਵਿਰੋਧ

ਕਿਸਾਨਾਂ ਨੇ ਮਲੋਟ ਵਿੱਚ ਸੜਕ ਜਾਮ ਕਰਕੇ ਭਾਜਪਾ ਦੇ ਵਰਕਰਾਂ ਦਾ ਵਿਰੋਧ ਕੀਤਾ। ਕਿਸਾਨਾਂ ਨੇ ਕਿਹਾ ਕਿ ਪੁਲਿਸ ਕਿਸਾਨਾਂ ‘ਤੇ ਨਾਜਾਇਜ਼ ਪਰਚੇ ਦਰਜ ਕਰ ਰਹੀ ਹੈ। ਪੁਲਿਸ ਵੱਲੋਂ ਸਥਿਤੀ ਨੂੰ ਸਹੀ ਰੱਖਣ ਲਈ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ ਅਤੇ ਬੈਰੀਕੇਡਿੰਗ ਲਾਈ ਗਈ ਹੈ।

ਕੀ ਹੈ ਮਾਮਲਾ ?

ਦੋ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਨਾਲ ਮਲੋਟ ਵਿੱਚ ਕਿਸਾਨਾਂ ਵੱਲੋਂ ਕੁੱਟਮਾਰ ਕੀਤੀ ਗਈ। ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਮਲੋਟ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਣੀ ਸੀ। ਝੜਪ ਦੌਰਾਨ ਉਨ੍ਹਾਂ ਦੇ ਕੱਪੜੇ ਵੀ ਪਾੜ ਦਿੱਤੇ ਗਏ। ਜਾਣਕਾਰੀ ਅਨੁਸਾਰ ਬਚਾਅ ਕਰਨ ਆਈ ਪੁਲਿਸ ਨੇ ਜਦੋਂ ਅਰੁਣ ਅਰੁਣ ਨਾਰੰਗ ਨੂੰ ਬਾਹਰ ਕੱਢਣ ਲੱਗੀ ਤਾਂ ਕਿਸਾਨਾਂ ਨੇ ਉਨ੍ਹਾਂ ਉੱਤੇ ਕਾਲਖ਼ ਸੁੱਟ ਦਿੱਤੀ।