ਬਿਉਰੋ ਰਿਪੋਰਟ : ਕਿਸਾਨੀ ਅੰਦੋਲਨ ਤੋਂ ਸ਼ੌਹਰਤ ਹਾਸਲ ਕਰਨ ਵਾਲੇ ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਹੁਣ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਟਾਇਮਿੰਗ ਨੂੰ ਲੈਕੇ ਹੀ ਸਵਾਲ ਖੜੇ ਕਰ ਰਹੇ ਹਨ । ਇਸ ‘ਤੇ ਅਕਾਲੀ ਦਲ ਵੱਲੋਂ ਪਰਮਜੀਤ ਸਿੰਘ ਸਰਨਾ ਨੇ ਉਨ੍ਹਾਂ ਨੂੰ ਨਸੀਹਤ ਦੇਣ ਦੇ ਨਾਲ ਤਗੜਾ ਜਵਾਬ ਵੀ ਦਿੱਤਾ ਹੈ। ਉਧਰ ਬੀਜੇਪੀ ਦੇ ਇੱਕ ਹੋਰ ਆਗੂ ਅਰੁਣ ਸੂਦ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਪੀਐੱਮ ਮੋਦੀ ‘ਤੇ ਦਿੱਤੇ ਇੱਕ ਬਿਆਨ ਦੀ ਵੀਡੀਓ ਨਸ਼ਰ ਕਰਦੇ ਹੋਏ ਖੱਬੇਪੱਖੀਆਂ ਦੀ ਸਾਜਿਸ਼ ਦੱਸਦੇ ਹੋਏ ਕਿਹਾ ਕਿ ਦੇਸ਼ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ । ਜਿਸ ‘ਤੇ ਹੁਣ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦਾ ਬਿਆਨ ਵੀ ਆ ਗਿਆ ਹੈ ।
ਚੰਡੀਗੜ੍ਹ ਤੋਂ ਬੀਜੇਪੀ ਦੇ ਸਾਬਕਾ ਮੇਅਰ ਅਰੁਣ ਸੂਦ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ‘ਕਾਂਗਰਸ ਅਤੇ ਖੱਬੇਪੱਖੀ ਵੱਲੋਂ ਆਮ ਚੋਣਾਂ ਤੋਂ ਪਹਿਲਾਂ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਸੁਰੂਆਤ, ਸੁਣੋ ਕੱਥਿਤ ਕਿਸਾਨ ਅੰਦੋਲਨ ਦੀ ਸਚਾਈ । ਇੰਨਾਂ ਦਾ ਕਹਿਣਾ ਹੈ ਕਿ ਰਾਮ ਮੰਦਰ ਦੀ ਵਜ੍ਹਾ ਕਰਕੇ ਮੋਦੀ ਦਾ ਗਰਾਫ ਬਹੁਤ ਉੱਤੇ ਚੱਲਾ ਗਿਆ ਹੈ । ਉਸ ਨੂੰ ਹੇਠਾਂ ਡਿਗਾਉਣ ਦੇ ਲਈ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਹੈ । ਚੋਣਾਂ ਆਉਂਦੇ ਹੀ ਇਹ ਅੰਦੋਲਨ ਖਤਮ ਹੋ ਜਾਵੇਗਾ’ । ਇਸ ਦਾ ਜਵਾਬ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਦਿੱਤਾ ।
https://twitter.com/arunsoodbjp/status/1757978295914963235
ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਜਗਜੀਤ ਸਿੰਘ ਡੱਲੇਵਾਲ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ । ਸਾਡੇ ਕਿਸਾਨਾਂ ਦੀਆਂ ਆਰਥਿਕ ਮੰਗਾਂ ਹਨ ਜਦਕਿ ਬੀਜੇਪੀ ਦੀ ਜਿਹੜੀ ਪਾਲਿਸੀ ਹੈ ਉਹ ਧਾਰਮਿਕ ਤੌਰ ‘ਤੇ ਲੋਕਾਂ ਨੂੰ ਭਾਵੁਕ ਕਰਕੇ ਵੋਟਾਂ ਹਾਸਲ ਕਰਨ ਦੀ ਹੈ । ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹਾਂ ਹਰ ਕਿਸੇ ਨੂੰ ਆਪਣਾ ਧਰਮ ਮੰਨਣ ਦਾ ਅਧਿਕਾਰ ਹੈ । ਅਸੀਂ ਕਾਂਗਰਸ,ਆਪ ਅਤੇ ਪੱਬੇਪੱਖੀਆਂ ਦੀ ਵੀ ਉਲੋਚਨਾ ਕਰਦੇ ਹਾਂ । ਅਸੀਂ ਬੀਜੇਪੀ ਦੀ ਕਿਸਾਨ ਜਥੇਬੰਦੀਆਂ ਨੂੰ ਵੀ ਇਹ ਹੀ ਕਹਿੰਦੇ ਹਾਂ ਕਿ ਤੁਸੀਂ ਵੋਟਾਂ ਭਾਵੇ ਬੀਜੇਪੀ ਨੂੰ ਕਰ ਦਿਉ ਪਰ ਕਿਸਾਨਾਂ ਦੇ ਅਧਿਕਾਰਾਂ ਦੇ ਨਾਲ ਖੜੇ ਹੋਵੋ । ਬੀਜੇਪੀ ਬੇਵਜ੍ਹਾ ਇਸ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ।
ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਲਜ਼ਾਮ ਲਗਾਇਆ ਕਿ ਸਿਆਸੀ ਪਾਰਟੀਆਂ ਕਿਸਾਨ ਅੰਦੋਲਨ ਦਾ ਲਾਹਾ ਚੁੱਕਣਾ ਚਾਹੁੰਦੀਆਂ ਹਨ ਇਸੇ ਲਈ ਮੁੜ ਤੋਂ ਕਿਸਾਨ ਅੰਦੋਲਨ ਸ਼ੁਰੂ ਕੀਤਾ ਗਿਆ ਹੈ । ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਤੁਸੀਂ ਪਹਿਲਾਂ ਵੀ ਵੱਡੀ ਜਿੱਤ ਹਾਸਲ ਕੀਤੀ ਸੀ ਇਸ ਲਈ ਟਾਇਮਿੰਗ ਨੂੰ ਜ਼ਰੂਰ ਵਿਚਾਰੋ, ਅਗਲੇ ਮਹੀਨੇ ਦੇ ਸ਼ੁਰੂਆਤ ਵਿੱਚ ਲੋਕਸਭਾ ਚੋਣਾਂ ਦਾ ਐਲਾਨ ਹੋ ਜਾਵੇਗਾ ਸਰਕਾਰ ਕੁਝ ਨਹੀਂ ਕਰ ਸਕੇਗੀ, ਇਸ ਨਾਲ ਨੁਕਸਾਨ ਸਾਡੇ ਭਾਈਚਾਰੇ ਦਾ ਹੋਵੇਗਾ । ਸਿਰਸਾ ਨੇ ਰਾਹੁਲ ਗਾਂਧੀ ਵੱਲੋਂ ਜਖਮੀ ਕਿਸਾਨ ਨਾਲ ਗੱਲਬਾਤ ਨੂੰ ਲੈਕੇ ਸਵਾਲ ਚੁੱਕੇ ਕਿਹਾ ਤੁਸੀਂ 70 ਸਾਲ ਰਾਜ ਕੀਤਾ ਆਪਣੇ ਸਮੇਂ ਕਿਉਂ ਨਹੀਂ MSP ਦਾ ਗਰੰਟੀ ਕਾਨੂੰਨ ਬਣਾਇਆ ।
ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਨੇ ਮਨਜਿਦੰਰ ਸਿੰਘ ਨੂੰ ਕਿਹਾ ਤੁਸੀਂ ਆਪਣੀ ਜ਼ਬਾਨ ਬੰਦ ਰੱਖੋ । ਸਰਨਾ ਨੇ ਕਿਹਾ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਤੁਸੀਂ ਰਾਜਨੀਤੀ ਵਿੱਚ ਆਪਣੀ ਮੌਜੂਦਾ ਹੋਂਦ ਦੇ ਕਰਜ਼ਦਾਰ ਹੋ ਕਿਉਂਕਿ 2020-21 ਦੇ ਕਿਸਾਨ ਅੰਦੋਲਨ ਨੇ ਤੁਹਾਨੂੰ ਅਕਾਲੀ ਲੀਡਰਸ਼ਿਪ ਦੁਆਰਾ ਕਿਸਾਨਾਂ ਦਾ ਸਾਥ ਦੇਣ ਲਈ ਮਜਬੂਰ ਕੀਤਾ ਸੀ। ਗਿਰਗਿਟ ਬਣਨਾ ਬੰਦ ਕਰੋ । ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਕਿਸਾਨਾਂ ਨਾਲ ਗੱਲ ਕਰ ਰਹੇ ਹਾਂ ਤਾਂ ਤੁਸੀਂ ਕੌਣ ਹੁੰਦੇ ਹੋਏ ਕਿਸਾਨਾਂ ਨੂੰ ਪਾਠ ਪੜਾਉਣ ਵਾਲੇ । ਸਰਨਾ ਨੇ ਕਿਹਾ ਤੁਸੀਂ ਲੋਕਸਭਾ ਦੀ ਟਿਕਟ ਦੇ ਲਈ ਬੀਜੇਪੀ ਕੋਲ ਆਪਣੀ ਆਤਮਾ ਵੇਚ ਦਿੱਤੀ ਹੈ ।