Punjab

ਜਾਖੜ ਦੇ ਅਸਤੀਫ਼ੇ ’ਤੇ ਤੰਜ ਕੱਸਣ ਵਾਲਿਆਂ ਨੂੰ ਬੀਜੇਪੀ ਦਾ ਕਰਾਰਾ ਜਵਾਬ! ‘ਪ੍ਰਧਾਨ ਦੀ ਚਿੰਤਾ ਛੱਡੋ… ਆਪਣੀ ਕੁਰਸੀ ਬਚਾਓ!’

ਬਿਉਰੋ ਰਿਪਰਟ: ਬੀਜੇਪੀ ਪੰਜਾਬ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਪੋਸਟ ਕਰਕੇ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ (SUNIL JAKHAR) ਦੇ ਅਸਤੀਫ਼ੇ ਦੀਆਂ ਖ਼ਬਰਾਂ ’ਤੇ ਤੰਜ ਕੱਸਣ ਵਾਲਿਆਂ ਨੂੂੰ ਕਰਾਰਾ ਜਵਾਬ ਦਿੱਤਾ ਹੈ। ਪਾਰਟੀ ਨੇ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਸਾਡੇ ਪ੍ਰਧਾਨ ਦੀ ਚਿੰਤਾ ਛੱਡੋ ਤੇ ਆਪਣੀ ਕੁਰਸੀ ਬਚਾਓ। ਇਹ ਸ਼ਬਦ ਪਾਰਟੀ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (PUNJAB CONGRESS PRESIDENT AMRINDER SINGH RAJAWARRING) ਨੂੰ ਸੰਬੋਧਿਤ ਕੀਤੇ ਹਨ। ਉਨ੍ਹਾਂ ਦੇ ਹੀ ਪੋਸਟ ਨੂੰ ਟੈਗ ਕਰਦਿਆਂ ਬੀਜੇਪੀ ਨੇ ਇਹ ਜਵਾਬ ਦਿੱਤਾ ਹੈ।

ਬੀਜੇਪੀ ਨੇ ਲਿਖਿਆ, “ਸੱਦੀ ਨਾ ਬੁਲਾਈ ਮੈਂ ਲਾੜੇ ਦੀ …………. !! ਤੁਸੀਂ ਸਾਡੇ ਪ੍ਰਧਾਨ ਦੀ ਚਿੰਤਾ ਛੱਡੋ…ਤੇ ਆਪਣੀ ਕੁਰਸੀ ਬਚਾਓ, ਖਬਰਾਂ ਤਾਂ ਤੁਹਾਡੀ ਪ੍ਰਧਾਨਗੀ ਜਾਣ ਦੀਆਂ ਵੀ ਜ਼ੋਰਾਂ ਤੇ ਹਨ….. ਹੋਰ ਪਤਾ ਲੱਗੇ ਸਾਡੇ ਚੱਕਰ ਚ’ ਦਿੱਲੀ ਤੋਂ ਤੁਹਾਡੇ ਜਾਣ ਦੀ ਚਿੱਠੀ ਆ ਜਾਵੇ ”

ਪੂਰਾ ਮਾਮਲਾ

ਦੱਸ ਦੇਈਏ ਅੱਜ ਸਵੇਰੇ ਮੀਡੀਆ ਵਿੱਚ ਖ਼ਬਰਾਂ ਆ ਰਹੀਆਂ ਹਨ ਕਿ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਖ਼ਬਰ ਤੋਂ ਬਾਅਦ ਵਿਰੋਧ ਆਗੂ ਐਕਟਿਵ ਹੋ ਗਏ ਤੇ ਪਾਰਟੀ ’ਤੇ ਤੰਜ ਕੱਸਣ ਲੱਗੇ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਾਖੜ ਨੇ ਅਸਤੀਫ਼ੇ ਦੀਆਂ ਖਬਰਾਂ ’ਤੇ ਸੋਸ਼ਲ ਮੀਡੀਆ ’ਤੇ ਲਿਖਿਆ ‘Mr. Sunil Jakhar, All the best, where next?’ ਯਾਨੀ ਸੁਨੀਲ ਜਾਖੜ ਨੂੰ ਸ਼ੁੱਭਕਾਮਨਾਵਾਂ ਅਤੇ ਹੁਣ ਅੱਗੇ ਕੀ?

ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਵੀ ਬਿਆਨ ਸਾਹਮਣੇ ਆਇਆ। ਸ੍ਰੀ ਆਨੰਦਪੁਰ ਸਾਹਿਬ ਤੋਂ ਆਪ ਦੇ ਐੱਮਪੀ ਅਤੇ ਬੁਲਾਰੇ ਮਾਲਵਿੰਦਰ ਸਿੰਘ ਕੰਗ (MALVINDER SINGH KANG) ਨੇ ਕਿਹਾ ਕਿ ਜਾਖੜ ਦੇ ਅਸਤੀਫ਼ੇ ਦੀ ਹਾਲੇ ਪੁਸ਼ਟੀ ਨਹੀਂ ਹੋਈ ਹੈ, ਪਰ ਪੰਜਾਬ ਪੱਖੀ ਸ਼ਖਸ ਬੀਜੇਪੀ ਵਿੱਚ ਜ਼ਿਆਦਾ ਦੇਰ ਨਹੀਂ ਰਹਿ ਸਕਦਾ ਹੈ, ਇਸ ਨੂੰ ਉਹ ਜ਼ਿੰਮੇਵਾਰੀ ਨਾਲ ਕਹਿ ਸਕਦੇ ਹਨ।

ਬੀਜੇਪੀ ਨੇ ਅਸਤੀਫ਼ੇ ਦੀਆਂ ਖ਼ਬਰਾਂ ਨੂੰ ਦੱਸਿਆ ਅਫ਼ਵਾਹ

ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫ਼ੇ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਪਾਰਟੀ ਦੇ ਆਗੂਆਂ ਨੇ ਇਸਨੂੰ ਅਫ਼ਵਾਹ ਕਰਾਰ ਕਰ ਦਿੱਤਾ। ਹਾਲਾਂਕਿ ਸੁਨੀਲ ਜਾਖੜ ਨੇ ਆਪ ਸਾਹਮਣੇ ਆ ਕੇ ਇਸ ਦਾ ਖੰਡਨ ਨਹੀਂ ਕੀਤਾ, ਪਰ ਉਨ੍ਹਾਂ ਦੀ ਟੀਮ ਅਸਤੀਫ਼ੇ ਦੇ ਖ਼ਬਰ ਨੂੰ ਅਫਵਾਹ ਦੱਸ ਰਹੀ ਹੈ। ਪੰਜਾਬ ਬੀਜੇਪੀ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਇੱਕ ਟੀਵੀ ਚੈੱਨਲ ਨੂੰ ਦਿੱਤੇ ਇੰਟਰਵਿਊ ਵਿੱਚ ਜਾਖੜ ਦੇ ਅਸਤੀਫ਼ੇ ਨੂੰ ਗ਼ਲਤ ਦੱਸਦੇ ਹੋਏ ਇਸ ਨੂੰ ਕੁਝ ਲੋਕਾਂ ਦੀ ਸ਼ਰਾਰਤ ਦੱਸਿਆ ਹੈ ।

ਇਸ ਤੋਂ ਇਲਾਵਾ ਪੰਜਾਬ ਬੀਜੇਪੀ ਦੇ ਇੱਕ ਹੋਰ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਵੀ ਸੁਨੀਲ ਜਾਖੜ ਦੇ ਅਸਤੀਫ਼ੇ ਨੂੰ ਅਫਵਾਹ ਦੱਸ ਦੇ ਹੋਏ ਕਿਹਾ ਮੈਂ 2 ਦਿਨ ਪਹਿਲਾਂ ਹੀ ਜਾਖੜ ਸਾਬ੍ਹ ਨੂੰ ਮਿਲਿਆ ਸੀ ਤੇ ਉਨ੍ਹਾਂ ਨੇ ਪਾਰਟੀ ਨੂੰ ਅੱਗੇ ਵਧਾਉਣ ਦੀ ਗੱਲ ਕਹੀ ਸੀ। ਗਰੇਵਾਲ ਨੇ ਕਿਹਾ ਮੇਰੀ ਦਿਲੀ ਇੱਛਾ ਹੈ ਕਿ ਉਹ ਹੀ ਪ੍ਰਧਾਨ ਰਹਿਣ। ਉਨ੍ਹਾਂ ਵਿੱਚ ਪਾਰਟੀ ਨੂੰ ਅੱਗੇ ਵਧਾਉਣ ਦੀ ਕਾਬਲੀਅਤ ਹੈ।