Punjab

ਅੰਮ੍ਰਿਤਪਾਲ ‘ਤੇ ਚੰਨੀ ਨੂੰ ਮਿਲੀ ਕਾਂਗਰਸੀ ਵਿਧਾਇਕ ਦੀ ਵੱਡੀ ਹਮਾਇਤ ! ‘ਪੰਜਾਬ ‘ਚ ਰਹਿ ਕੇ ਸਿੱਖੀ ਦੀ ਗੱਲ ਅਸੀਂ ਨਹੀਂ ਕਰਾਂਗੇ ਤਾਂ ਕੌਣ ਕਰੇਗਾ ?’

ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਜਲੰਧਰ ਤੋਂ MP ਚਰਨਜੀਤ ਸਿੰਘ ਚੰਨੀ ਵੱਲੋਂ ਲੋਕਸਭਾ ਵਿੱਚ ਦਿੱਤੇ ਬਿਆਨ ਤੋਂ ਭਾਵੇਂ ਪਾਰਟੀ ਹਾਈਕਮਾਨ ਅਤੇ ਸਾਥੀ ਪੰਜਾਬ ਦੇ ਕਾਂਗਰਸੀ MPs ਨੇ ਕਿਨਾਰਾ ਕਰ ਲਿਆ ਹੈ ਪਰ ਸੀਨੀਅਰ ਵਿਧਾਇਕ ਪਰਗਟ ਸਿੰਘ ਨੇ ਖੁੱਲ ਕੇ ਚੰਨੀ ਦੇ ਬਿਆਨ ਦੀ ਹਮਾਇਤ ਕਰਦੇ ਹੋਏ ਆਪਣੀ ਪਾਰਟੀ ਨੂੰ ਵੀ ਨਸੀਹਤ ਦਿੱਤੀ ਹੈ।  ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਲਿਖਿਆ  ‘ਬੀਜੇਪੀ ਅਤੇ ਆਮ ਆਦਮੀ ਪਾਰਟੀ  ਵੱਲੋਂ  NSA ਲਗਾਉਣ ਤੋਂ ਪਹਿਲਾਂ ਵੀ ਆਪਣੇ ਵਿਚਾਰ ਰੱਖ ਚੁੱਕਿਆ ਹਾਂ,MP ਚਰਨਜੀਤ ਸਿੰਘ ਚੰਨੀ  ਵੱਲੋਂ ਪਾਰਲੀਮੈਂਟ ਵਿੱਚ ਇਸਤੇ ਰੱਖੇ ਗਏ ਵਿਚਾਰਾਂ ਨਾਲ ਸਹਿਮਤ ਹਾਂ। ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਅਤੇ ਸਿੱਖੀ ਦੀ ਗੱਲ ਅਸੀਂ ਨਹੀਂ ਕਰਾਂਗੇ ਤਾਂ ਕੌਣ ਕਰੇਗਾ ?’

ਉਨ੍ਹਾਂ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ਪਰਗਟ ਸਿੰਘ ਨੇ ਕਿਹਾ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਕਿੰਤੂ-ਪੰਤੂ ਬਹੁਤ ਹੋ ਸਕਦੇ ਹਨ ਪਰ ਉਸ ਨੂੰ NSA ਲੱਗਾ ਕੇ ਡਿਬਰੂਗੜ੍ਹ ਜੇਲ੍ਹ ਭੇਜਣਾ ਲੋਕਾਂ ਨੂੰ ਪਸੰਦ ਨਹੀਂ ਆਇਆ ਹੈ । ਬੀਜੇਪੀ ਨੂੰ ਇਹ ਗੱਲ ਸਮਝ ਲੈਣਾ ਚਾਹੀਦਾ ਹੈ ਸਾਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ । ਇਹ ਪੰਜਾਬ ਦੇ ਲਈ ਵੱਡਾ ਸੁਨੇਹਾ ਹੈ,ਬੀਜੇਪੀ ਲੋਕਾਂ ਨੂੰ ਵੰਡਣ ਦਾ ਕੰਮ ਕਰ ਰਹੀ ਹੈ। ਉਹ ਕਿਸੇ ਹੱਦ ਤੱਕ ਕਾਮਯਾਬ ਹੋਈ ਹੈ  ਪਰ ਪੂਰਾ ਪੰਜਾਬ ਅਜਿਹਾ ਨਹੀਂ ਸੋਚ ਦਾ ਹੈ ।

ਚੰਨੀ ਦਾ ਲੋਕਸਭਾ ਵਿੱਚ ਬਿਆਨ

ਦੱਸ ਦਈਏ ਕਿ ਵੀਰਵਾਰ ਨੂੰ ਲੋਕ ਸਭਾ ‘ਚ ਬਜਟ ‘ਤੇ ਚਰਚਾ ਦੌਰਾਨ ਚੰਨੀ ਨੇ ਕਿਹਾ ਕਿ ਭਾਜਪਾ ਐਮਰਜੈਂਸੀ ਦਾ ਦੋਸ਼ ਲਾਉਂਦੀ ਹੈ ਪਰ ਦੇਸ਼ ‘ਚ ਅਜੇ ਵੀ ਅਣਐਲਾਨੀ ਐਮਰਜੈਂਸੀ ਲਾਗੂ ਹੈ। ਇਹ ਅਜਿਹੀ ਐਮਰਜੈਂਸੀ ਹੈ ਕਿ ਪੰਜਾਬ ਦੇ 20 ਲੱਖ ਲੋਕਾਂ ਵੱਲੋਂ ਐਮ.ਪੀ ਚੁਣੇ ਗਏ ਅੰਮ੍ਰਿਤਪਾਲ ਸਿੰਘ ਨੂੰ ਐਨਐਸਏ ਲਗਾ ਕੇ ਅੰਦਰ ਰੱਖਿਆ ਗਿਆ ਹੈ। ਉਹ ਇੱਥੇ ਆਪਣੇ ਇਲਾਕੇ ਦੇ ਲੋਕਾਂ ਦੇ ਵਿਚਾਰ ਪ੍ਰਗਟ ਕਰਨ ਦੇ ਸਮਰੱਥ ਨਹੀਂ ਹੈ, ਇਹ ਐਮਰਜੈਂਸੀ ਹੈ। ਇੱਕ ਚੁਣੇ ਹੋਏ ਸੰਸਦ ਮੈਂਬਰ ‘ਤੇ NSA ਦੇ ਤਹਿਤ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਉਹ ਆਪਣੇ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਦੇ ਸਮਰੱਥ ਨਹੀਂ ਹੈ